- ਮੁੱਖ ਮੰਤਰੀ ਦੇ ਵਾਅਦੇ ਨਾ ਪੂਰੇ ਹੋਣ ਦਾ ਦੋਸ਼
ਲੁਧਿਆਣਾ (ਵਿਸ਼ਾਲ, ਰਾਜੀਵ) : ਜ਼ਿਲ੍ਹਾ ਆਟੋ ਰਿਕਸ਼ਾ ਵਰਕਰਜ਼ ਫੈਡਰੇਸ਼ਨ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਜਿਨ੍ਹਾਂ ਵੱਲੋਂ ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਗਿੱਲ ਚੌਕ ਵਿਖੇ ਇਕ ਨਿੱਜੀ ਰੈਸਟੋਰੈਂਟ ਵਿਚ ਕੀਤੀ ਗਈ। ਜਿਨ੍ਹਾਂ ਨੇ ਇਸ ਦੌਰਾਨ ਹੱਥਾਂ ਵਿਚ ਲੋਲੀਪੋਪ, ਛੁਨਛੁਨੇ ਤੇ ਖਿਡੌਣੇ ਫੜੇ ਹੋਏ ਸਨ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮਾਮਾ ਅਤੇ ਹੋਰਨਾਂ ਮੈਂਬਰਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਬੀਤੇ ਦਿਨੀਂ ਲੁਧਿਆਣਾ ਵਿਖੇ ਆਟੋ ਚਾਲਕਾਂ ਨਾਲ ਚਾਹ ਪੀ ਕੇ ਉਨ੍ਹਾਂ ਨਾਲ ਬਕਾਇਆ ਜੁਰਮਾਨੇ ਮੁਆਫ ਕਰਨ ਯੈਲੋ ਲਾਈਨ ਬਣਾਉਣ ਸਣੇ ਕਈ ਵਾਦੇ ਕੀਤੇ ਗਏ ਸਨ। ਪਰ ਨਾ ਤਾਂ ਉਨ੍ਹਾਂ ਦੇ ਜੁਰਮਾਨੇ ਮੁਆਫ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਨਾ ਹੀ ਯੈਲੋ ਲਾਈਨ ਬਣੀ। ਉਨ੍ਹਾਂ ਦੋਸ਼ ਲਗਾਇਆ ਕਿ ਆਟੋ ਚਾਲਕਾਂ ਵਲੋਂ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਸਨਮਾਨ ਵੀ ਭੇਂਟ ਕੀਤਾ ਗਿਆ ਸੀ। ਪਰ ਸਾਰੇ ਐਲਾਨ ਝੂਠੇ ਨਿਕਲੇ। ਅਫਸੋਸ ਇਹ ਹੈ ਕਿ ਉਹ ਹੁਣ ਸੰਘਰਸ਼ ਕਰਨ ਲਈ ਮਜਬੂਰ ਹਨ।ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਨੋਟੀਫਿਕੇਸ਼ਨ ਨਾ ਜਾਰੀ ਕੀਤੇ, ਤਾਂ ਮਜਬੂਰਨ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦੇ ਲੁਧਿਆਣਾ ਵਿਚ 30 ਹਜਾਰ ਮੈਂਬਰ ਹਨ ਤੇ ਸੂਬੇ ਵਿਚ ਅਸੀਂ 20 ਲੱਖ ਪਰਿਵਾਰਿਕ ਮੈਂਬਰ ਹਾਂ।