
- ਕੰਮ, ਕੁਰਬਾਨੀ, ਸਿਨਉਰਟੀਦਾ ਧਿਆਨ ਰੱਖ ਕੇ ਟਿਕਟਾਂ ਦੇਵੇ ਹਾਈਕਮਾਨ , ਦੁੱਧ ਪੀਣੇ ਮਜਨੂੰਆਂ ਤੋਂ ਪਾਰਟੀ ਨੂੰ ਬਚਾਉਣ ਦੀ ਲੋੜ
- ਮੈਂ 1992 ਤੋਂ ਟਿਕਟ ਦੀ ਮੰਗ ਕਰ ਰਿਹਾ ਹਾਂ, 45 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ, ਜਿਨਾਂ ਦੀ ਉਮਰ 40 ਸਾਲ ਹੈ, ਉਹ ਦਾਅਵਾ ਕਰ ਰਹੇ ਹਨ।
ਲੁਧਿਆਣਾ (ਮਦਾਨ ਲਾਲ ਗੁਗਲਾਨੀ , ਵਿਸ਼ਾਲ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕਿ੍ਰਸਨ ਕੁਮਾਰ ਬਾਵਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਦਾ ਪਾਰਟੀ ਛੱਡ ਕੇ ਭਾਜਪਾ ਵਿੱਚ ਸਾਮਲ ਹੋਣਾ ਚਿੰਤਾ ਦਾ ਵਿਸ਼ਾ ਹੈ। ਅੱਜ ਪੰਜਾਬ ਦੇ ਆਗੂ ਅਤੇ ਬਾਹਰਲੇ ਆਗੂ ਕਹਿ ਰਹੇ ਹਨ ਕਿ ਉਨਾਂ ਦੇ ਪੱਲੇ ਕੁਝ ਨਹੀਂ ਸੀ। ਅਸੀਂ ਪਹਿਲਾਂ ਹੀ ਉਨਾਂ ਦੀਆਂ ਟਿਕਟਾਂ ਕੱਟ ਰਹੇ ਸੀ। ਸ਼ਾਇਦ ਉਨਾਂ ਅਨੁਸਾਰ ਇਹ ਆਪਸੀ ਰੰਜਿਸ਼ ਦਾ ਨਤੀਜਾ ਹੈ। ਉਨਾਂ ਅੰਦਰ ਪਾਰਟੀ ਪ੍ਰਤੀ ਕੋਈ ਸਤਿਕਾਰ ਨਹੀਂ ਹੈ। ਉਨਾਂ ਦੱਸਿਆ ਕਿ ਉਹ 45 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ। ਉਹ ਖੁਦ 1992 ਤੋਂ ਟਿਕਟ ਦੀ ਮੰਗ ਕਰ ਰਹੇ ਹਨ।
ਉਨਾਂ ਨੂੰ ਪਹਿਲਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ 1993 ਵਿੱਚ ਚੇਅਰਮੈਨ ਬਣਾਇਆ ਸੀ ਅਤੇ ਫਿਰ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਚੇਅਰਮੈਨ ਬਣਾਇਆ ਸੀ। ਪਰ ਅੱਜ ਜਿਨਾਂ ਦੀ ਉਮਰ 40 ਸਾਲ ਹੈ, ਉਹ ਆਪਣਾ ਦਾਅਵਾ ਠੋਕ ਰਹੇ ਹਨ। ਦੁੱਖ ਹੁੰਦਾ ਹੈ ਜਦੋਂ ਟਿਕਟਾਂ ਦੇਣ ਵੇਲੇ ਨਜਰਅੰਦਾਜ ਕੀਤਾ ਜਾਣਾ ਸੁਰੂ ਹੋ ਜਾਂਦਾ ਹੈ।
ਬਾਵਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕਾਂਗਰਸ ਹਾਈਕਮਾਂਡ ਟਿਕਟਾਂ ਦੀ ਵੰਡ ਵੇਲੇ ਸੰਜੀਦਗੀ ਨਾਲ ਨਾਲ ਕੰਮ ਕਰੇ। ਕਾਂਗਰਸ ਪਾਰਟੀ ਨੂੰ ਦੁੱਧ ਪੀਣੇ ਮਜਨੂੰਆਂ ਤੋਂ ਪਾਰਟੀ ਨੂੰ ਬਚਾਉਣ ਦੀ ਲੋੜ । ਜੇਕਰ ਕਾਂਗਰਸ ਹਾਈਕਮਾਂਡ ਨੇ ਕੰਮ, ਕੁਰਬਾਨੀ, ਸਿਨਉਰਟੀ ਦੀ ਪ੍ਰਵਾਹ ਕੀਤੇ ਬਿਨਾਂ ਵੱਖ-ਵੱਖ ਤਰਾਂ ਦੇ ਵੱਟਿਆਂ ਨਾਲ ਟਿਕਟਾਂ ਨੂੰ ਤੋਲਣ ਦਾ ਫੈਸਲਾ ਕੀਤਾ ਤਾਂ ਪਾਰਟੀ ਦੇ ਸੀਨੀਅਰ ਅਤੇ ਕੁਰਬਾਨੀਆਂ ਵਾਲੇ ਵਰਕਰਾਂ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਕਿਹਾ ਕਿ ਕਾਂਗਰਸ ਦੇਸ ਭਗਤਾਂ, ਆਜਾਦੀ ਘੁਲਾਟੀਆਂ ਅਤੇ ਦੇਸ ਦੀ ਏਕਤਾ ਅਤੇ ਅਖੰਡਤਾ ਲਈ ਲੜਨ ਵਾਲਿਆਂ ਦੀ ਪਾਰਟੀ ਹੈ। ਅੱਤਵਾਦ ਦੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ 2500 ਵਰਕਰਾਂ ਅਤੇ ਆਗੂਆਂ ਨੇ ਕੁਰਬਾਨੀ ਦਿੱਤੀ। ਇਸ ਲਈ ਟਿਕਟ ਫਾਰਮ ‘ਤੇ ਆਜਾਦੀ ਘੁਲਾਟੀਆਂ, ਸੀਨੀਅਰ ਕਾਂਗਰਸੀਆਂ, ਅੱਤਵਾਦ ਨਾਲ ਲੜਨ ਵਾਲਿਆਂ ਦਾ ਕਾਲਮ ਹੋਣਾ ਚਾਹੀਦਾ ਹੈ। ਪਰ ਅੱਜ ਦੀ ਲੀਡਰਸ਼ਿਪ ਕਾਂਗਰਸ ਦੇ ਗੌਰਵਮਈ ਇਤਿਹਾਸ ਅਤੇ ਕੁਰਬਾਨੀ ‘ਤੇ ਪਹਿਰਾ ਨਹੀਂ ਦੇ ਰਹੀ ਜੋ ਕਿ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ।