- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ-ਅਮਿਤ ਸ਼ਾਹ
- ਅੰਮਿ੍ਰਤਸਰ ਤੋਂ ਸ੍ਰੀ ਪਟਨਾ ਸਾਹਿਬ ਲਈ ਬੰਦ ਉਡਾਣਾਂ ਨੂੰ ਚਾਲੂ ਕੀਤਾ ਜਾਵੇ – ਹਿੱਤ
ਲੁਧਿਆਣਾ (ਮਦਾਨ ਲਾਲ ਗੁਗਲਾਨੀ , ਵਿਸ਼ਾਲ)- ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗਹੌਰ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਸਮਾਜ ਸੇਵੀ ਜਸਵੰਤ ਸਿੰਘ ਛਾਪਾ ਨੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਉਨਾਂ ਨੂੰ 9 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਆਉਣ ਦਾ ਸੱਦਾ ਦਿੱਤਾ । ਜਿਸ ਨੂੰ ਉਨਾਂ ਨੇ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਉਨਾਂ ਨਾਲ ਸਿੱਖ ਪੰਥ ਨਾਲ ਸਬੰਧਤ ਮਾਮਲਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਸਿੱਖਾਂ ਨਾਲ ਸਬੰਧਤ ਜੋ ਵੀ ਮਾਮਲੇ ਹਨ, ਉਨਾਂ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਿਆ ਜਾਵੇਗਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਹੌਰ ਅਤੇ ਹਿੱਤ ਨੂੰ ਕਿਹਾ ਕਿ ਸਿੱਖਾਂ ਦੀ ਕਾਲੀ ਸੂਚੀ ਖਤਮ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਤਖਤ ਸ੍ਰੀ ਪਟਨਾ ਸਾਹਿਬ ਸਮੇਤ ਸਾਰੇ ਗੁਰੂ ਘਰਾਂ ਦੇ ਲੰਗਰਾਂ ‘ਤੇ ਜੀਐਸਟੀ ਖਤਮ ਕਰ ਦਿੱਤਾ ਗਿਆ ਹੈ। ਜਥੇਦਾਰ ਗਹੌਰ ਅਤੇ ਪ੍ਰਧਾਨ ਹਿੱਤ ਨੇ ਸ੍ਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਸ੍ਰੀ ਅੰਮਿ੍ਰਤਸਰ ਤੋਂ ਸ੍ਰੀ ਪਟਨਾ ਸਾਹਿਬ ਲਈ ਬੰਦ ਪਈਆਂ ਉਡਾਣਾਂ ਸੁਰੂ ਕੀਤੀਆਂ ਜਾਣ। ਪੰਜ ਤਖਤਾਂ ਨੂੰ ਜੋੜਨ ਵਾਲੀਆਂ ਉਡਾਣਾਂ ਸੁਰੂ ਕਰਨ ਦੀ ਵੀ ਮੰਗ ਕੀਤੀ। ਸ੍ਰੀ ਸ਼ਾਹ ਨੇ ਕਿਹਾ ਕਿ ਜਲਦੀ ਹੀ ਬੰਦ ਕੀਤੀਆਂ ਉਡਾਣਾਂ ਸੁਰੂ ਕੀਤੀਆਂ ਜਾਣਗੀਆਂ।
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗਹੌਰ ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਅਵਤਾਰ ਸਿੰਘ ਹਿੱਤ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ, ਕਰਤਾਰਪੁਰ ਲਾਂਘਾ ਖੋਲਣ ਅਤੇ ਜੀ.ਐੱਸ.ਟੀ. ਲਈ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਫੋਟੋ ਜਥੇਦਾਰ ਗਿਆਨੀ ਰਣਜੀਤ ਸਿੰਘ ਗਹੌਰ ਅਤੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਦੇ ਹੋਏ।