Friday, May 9

ਵਿਧਾਇਕ ਸੁਰਿੰਦਰ ਕੁਮਾਰ ਡਾਵਰ ਵੱਲੋਂ ਵਾਰਡ ਨੰਬਰ 56 ‘ਚ ਦੋ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ

ਲੁਧਿਆਣਾ, (ਸੰਜੇ ਮਿੰਕਾ) – ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਸ੍ਰੀ ਸੁਰਿੰਦਰ ਕੁਮਾਰ ਡਾਵਰ ਨੇ ਅੱਜ ਵਾਰਡ ਨੰਬਰ 56 ਵਿੱਚ ਦੋ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਕਰੀਬ 49 ਲੱਖ ਰੁਪਏ ਦੀ ਲਾਗਤ ਵਾਲੇ ਪਹਿਲੇ ਪ੍ਰੋਜੈਕਟ ਦਾ ਉਦਘਾਟਨ ਨਿਊ ਸ਼ਿਵਾਜੀ ਨਗਰ ਵਿੱਚ ਕੀਤਾ ਗਿਆ ਅਤੇ 39 ਲੱਖ ਰੁਪਏ ਦੀ ਲਾਗਤ ਵਾਲੇ ਦੂਜੇ ਪ੍ਰੋਜੈਕਟ ਦਾ ਉਦਘਾਟਨ ਵਾਰਡ ਦੇ ਧਰਮਪੁਰਾ ਇਲਾਕੇ ਵਿੱਚ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਸ੍ਰੀ ਡਾਵਰ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਲੁਧਿਆਣਾ ਕੇਂਦਰੀ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਸ੍ਰੀ ਡਾਵਰ ਦੇ ਨਿਊ ਸ਼ਿਵਾਜੀ ਨਗਰ ਵਿੱਚ ਪਹੁੰਚਣ ‘ਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਸ੍ਰੀ ਡਾਵਰ ਦੇ ਆਸ-ਪਾਸ ਮਰਦ, ਔਰਤਾਂ ਅਤੇ ਬੱਚੇ ਇਕੱਠੇ ਹੋਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੋਰ ਕਈ ਮੁੱਦਿਆਂ ਤੋਂ ਜਾਣੂੰ ਕਰਵਾਇਆ, ਜਿਸ ‘ਤੇ ਵਿਧਾਇਕ ਡਾਵਰ ਵੱਲੋਂ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਸ੍ਰੀ ਡਾਵਰ ਨੇ ਕਿਹਾ ਕਿ ਉਹ ਹਲਕੇ ਦੇ ਕਿਸੇ ਵੀ ਖੇਤਰ ਨੂੰ ਵਿਕਾਸ ਕਾਰਜਾਂ ਤੋਂ ਅਧੂਰਾ ਨਹੀਂ ਛੱਡਣਗੇ। ਸ੍ਰੀ ਡਾਵਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਵਾਰਡ ਦੇ ਲੋਕਾਂ ਨੂੰ ਉਨ੍ਹਾਂ ਤੋਂ ਵੱਡੀਆਂ ਆਸਾਂ ਹਨ ਅਤੇ ਉਨ੍ਹਾਂ ਨੇ ਸਾਰੇ ਵਾਰਡਾਂ ਵਿੱਚ ਵਿਕਾਸ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ‘ਮੈਂ ਚਾਹੁੰਦਾ ਹਾਂ ਕਿ ਲੁਧਿਆਣਾ ਸੈਂਟਰਲ ਦੇ ਲੋਕ ਇੱਕ ਸੁਚਾਰੂ ਤੇ ਸੰਤੁਸ਼ਟੀ ਭਰਿਆ ਜੀਵਨ ਜਿਉਣ। ਇਸਦੇ ਲਈ, ਮੈਂ 24 ਘੰਟੇ ਕੰਮ ਕਰ ਰਿਹਾ ਹਾਂ ਅਤੇ ਮੈਂ ਆਪਣੇ ਤੀਜੇ ਕਾਰਜਕਾਲ ਵਿੱਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ’। ਅਜਿਹਾ ਹੀ ਗਰਮਜੋਸ਼ੀ ਦਾ ਨਜ਼ਾਰਾ ਧਰਮਪੁਰਾ ਇਲਾਕੇ ਵਿੱਚ ਵੀ ਦੇਖਣ ਨੂੰ ਮਿਲਿਆ, ਜਦੋਂ ਵਿਧਾਇਕ ਡਾਵਰ ਵੱਲੋਂ ਸੜਕੀ ਪ੍ਰਾਜੈਕਟ ਦਾ ਉਦਘਾਟਨ ਕਰਨ ਮੌਕੇ ਵਸਨੀਕਾਂ ਨੇ ਉਨ੍ਹਾਂ ਨਾਲ ਮਠਿਆਈਆਂ ਵੰਡੀਆਂ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਰਾਜਨੀਤੀ ਵਿੱਚ ਸ੍ਰ੍ਰੀ ਡਾਵਰ ਦਾ ਕੱਦ ਬਹੁਤ ਉਚਾ ਹੈ। ਇੱਕ ਵਸਨੀਕ ਨੇ ਕਿਹਾ ਕਿ ‘ਵਿਧਾਇਕ ਆਉਂਦੇ-ਜਾਂਦੇ ਹਨ, ਪਰ ਡਾਵਰ ਸਾਬ ਕੋਈ ਆਮ ਸਿਆਸਤਦਾਨ ਨਹੀਂ ਸਗੋਂ ਇੱਕ ਸੱਚੇ ਸਿਆਸਤਦਾਨ ਹਨ ਅਤੇ ਲੋਕਾਂ ਦੇ ਹਰਮਨ ਪਿਆਰੇ ਹਨ’।

About Author

Leave A Reply

WP2Social Auto Publish Powered By : XYZScripts.com