- ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਆਪਣਾ ਟੀਕਾਕਰਨ ਜਲਦ ਕਰਵਾਉਣ ਮੁਕੰਮਲ
- ਸਥਾਨਕ ਬੱਚਤ ਭਵਨ ਵਿਖੇ ਅੱਜ ਚੋਣ ਸਬੰਧੀ ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ
ਲੁਧਿਆਣਾ,(ਸੰਜੇ ਮਿੰਕਾ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਸਟਾਫ਼ ਦੇ ਟੀਕਾਕਰਨ ਦੇ ਵੇਰਵੇ ਡੀ.ਈ.ਓ ਦਫ਼ਤਰ ਨੂੰ ਭੇਜਣ, ਅਜਿਹਾ ਨਾ ਕਰਨ ‘ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਜਿਨ੍ਹਾਂ ਵੱਲੋਂ ਹਾਲੇ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਲਈ ਜਾਂ ਦੂਸਰੀ ਖੁਰਾਕ ਲਗਵਾਉਣੀ ਬਾਕੀ ਹੈ ਉਹ ਤੁਰੰਤ ਆਪਣਾ ਟੀਕਾਕਰਨ ਮੁਕੰਮਲ ਕਰਵਾਉਣ ਕਿਉਂਕਿ ਉਹ ਚੋਣ ਡਿਊਟੀ ਲਈ ਤਾਇਨਾਤ ਹੋਣਗੇ। ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਚੋਣ ਸਬੰਧੀ ਕਮੇਟੀਆਂ ਦੇ ਨੋਡਲ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਗੱਲ ਕਹੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਦਿੱਤਿਆ ਡੱਚਲਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ. ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਡਾ: ਨਯਨ ਜੱਸਲ, ਸਿਵਲ ਸਰਜਨ ਡਾ: ਐਸ.ਪੀ. ਸਿੰਘ, ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਚੋਣ ਸਬੰਧਤ ਕਮੇਟੀਆਂ ਦੇ ਨੋਡਲ ਅਫ਼ਸਰ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਅਧਿਕਾਰੀ ਚੋਣ ਡਿਊਟੀ ਨੂੰ ਸੰਜੀਦਗੀ ਨਾਲ ਨਿਭਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਨੋਡਲ ਅਫ਼ਸਰਾਂ ਨੂੰ ਸਾਰੇ ਕਾਗਜ਼ੀ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਅਧਿਕਾਰੀਆਂ ਨੂੰ ਤਾਇਨਾਤ ਕਰਨ ਲਈ ਕਿਹਾ ਤਾਂ ਜੋ ਚੋਣਾਂ ਸਬੰਧੀ ਡਿਊਟੀਆਂ ਨੂੰ ਸਹੀ ਢੰਗ ਨਾਲ ਨਿਭਾਇਆ ਜਾ ਸਕੇ। ਉਨ੍ਹਾਂ ਸਿਵਲ ਸਰਜਨ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਚੋਣ ਟਰੇਨਿੰਗਾਂ ‘ਤੇ ਟੀਕਾਕਰਨ ਸਟਾਫ਼ ਤਾਇਨਾਤ ਕਰਨ, ਤਾਂ ਜੋ ਉਹ ਅਧਿਕਾਰੀ ਜੋ ਆਪਣਾ ਟੀਕਾਕਰਨ ਨਹੀਂ ਕਰਵਾ ਸਕੇ, ਇਸ ਸਹੂਲਤ ਦਾ ਲਾਭ ਉਠਾ ਸਕਣ।