
ਲੁਧਿਆਣਾ (ਵਿਸ਼ਾਲ, ਅਰੁਣ ਜੈਨ)- ਜਿੱਤ ਦੇ ਰੂਪ ਵਿਚ ਖਤਮ ਹੋਣ ਜਾ ਰਹੇ ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਵਪਾਰੀ ਦਲ ਦੇ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਇਹ ਸਾਡੇ ਲਈ ਬਹੁਤ ਹੀ ਇਤਿਹਾਸਕ ਤੇ ਖੁਸ਼ੀ ਭਰਿਆ ਸਮਾਂ ਹੈ। ਕਿਓਂਕਿ ਸਾਲ ਤੋਂ ਵੀ ਵੱਧ ਸਮੇਂ ਤਕ ਚੱਲੇ ਇਸ ਅੰਦੋਲਨ ਨੇ ਵਿਸ਼ਵ ਭਰ ਵਿੱਚ ਇੱਕ ਵੱਖਰੀ ਤੇ ਇਤਿਹਾਸਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਟੱਕਰ ਲੈਣੀ ਅਤੇ ਉਸ ਨੂੰ ਗਲਤੀ ਮੰਨਣ ਲਈ ਮਜਬੂਰ ਕਰਨਾ ਕੋਈ ਸੌਖੀ ਗੱਲ ਨਹੀਂ। ਜਦ ਕਿ ਇਸ ਅੰਦੋਲਨ ਨੇ ਦਿਖਾ ਦਿੱਤਾ ਕਿ ਏਕੇ ਦੇ ਵਿਚ ਕਿੰਨਾ ਦਮ ਹੈ। ਉਨ੍ਹਾਂ ਕਿਹਾ ਕਿ ਇਹ ਸਮੂਹ ਭਾਈਚਾਰੇ ਦੀ ਏਕਤਾ ਦਾ ਸਬੂਤ ਹੈ ਕੇਂਦਰ ਦੀ ਸਰਕਾਰ ਨੂੰ ਜਥੇਬੰਦੀਆਂ ਦੀਆਂ ਮੰਗਾਂ ਮੰਨਣੀਆਂ ਪਈਆਂ। ਉਨ੍ਹਾਂ ਕਿਹਾ ਕੇ ਸੰਸਾਰ ਦੇ ਵਿਚ ਭਾਵੇਂ ਕਿੰਨੀਆਂ ਵੀ ਵੱਡੀਆਂ ਲੜਾਈਆ ਲੜੀਆਂ ਗਈਆ ਹੋਣ, ਪਰੰਤੂ ਹੱਕ ਅਤੇ ਸੱਚ ਦੀ ਇਸ ਲੜਾਈ ਨੇ ਸਾਬਤ ਕਰ ਦਿੱਤਾ ਕਿ ਜਦੋਂ ਗੱਲ ਜ਼ਮੀਰਾਂ ਅਤੇ ਜ਼ਮੀਨਾਂ ਤੇ ਆ ਜਾਵੇ ਤਾਂ ਵੱਡਿਆਂ ਵੱਡਿਆਂ ਨੂੰ ਝੁਕਣ ਲਈ ਮਜਬੂਰ ਹੋਣਾ ਪੈਂਦਾ ਹੈ। ਮਨਪ੍ਰੀਤ ਬੰਟੀ ਨੇ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਚੋਣਾਂ ਦਾ ਸਮਾਂ ਬਹੁਤ ਨਜਦੀਕ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀਆਂ ਦੀ ਇੱਕੋ ਇੱਕ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਤੇ ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆ ਕੇ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਹੀ ਬਣਾਈ ਜਾਵੇ।