Saturday, May 10

ਅੱਜ ਆਜ਼ਾਦੀ ਦਾ ਅਮ੍ਰਿਤ ਮਹੋਤਸਵ – ਐਨ.ਸੀ.ਸੀ. ਵਿਜੇ ਸ੍ਰੰਖਲਾ ਸਮਾਗਮ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ) – ਅਜ਼ਾਦੀ ਦਾ ਅੰਮ੍ਰਿਤ ਮਹੋਤਸਵ – ਐਨ.ਸੀ.ਸੀ. ਵਿਜੇ ਸ੍ਰੰਖਲਾ ਪ੍ਰੋਗਰਾਮ ਦੇ ਹਿੱਸੇ ਵਜੋਂ, ਅੱਜ ਸਥਾਨਕ ਕੁੰਦਨ ਵਿਦਿਆ ਮੰਦਰ ਵਿਖੇ, ਐਨ.ਸੀ.ਸੀ. ਗਰੁੱਪ ਹੈਡ ਕੁਆਟਰ ਲੁਧਿਆਣਾ (ਐਨ.ਸੀ.ਸੀ. ਡੀ.ਟੀ.ਈ. ਪੀ.ਐਚ.ਐਚ.ਪੀ. ਤੇ ਚੰਡੀਗੜ੍ਹ) ਵੱਲੋਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੇ ਸਹਿਯੋਗ ਨਾਲ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਬਹਾਦਰਾਂ ਦੇ ਆਸ਼ਰਿਤਾਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਮਾਂਡਿੰਗ ਅਫ਼ਸਰਾਂ ਤੇ ਐਨ.ਸੀ.ਸੀ. ਗਰੁੱਪ ਹੈਡਕੁਆਟਰ ਲੁਧਿਆਣਾ ਦੇ ਵੱਖ-ਵੱਖ ਅਧਿਕਾਰੀਆਂ, ਐਨ.ਸੀ.ਸੀ. ਅਧਿਕਾਰੀਆਂ, ਪੀ.ਆਈ ਸਟਾਫ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੇ ਕਾਲਜ਼ਾਂ ਦੇ 200 ਕੈਡਿਟਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ, ਸਾਡੀ ਮਾਤ ਭੂਮੀ ਦੀ ਆਨ, ਬਾਨ ਤੇ ਸ਼ਾਨ ਲਈ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਡੇ ਸੈਨਿਕਾਂ ਦੇ ਆਸ਼ਰਿਤਾਂ ਜਿਨ੍ਹਾਂ ਵਿੱਚ ਈ.ਏ.ਪੀ-3 ਐਸ.ਕੇ. ਪਾਠਕ ਦੇ ਭਰਾ ਸ੍ਰੀ ਸੁਰੇਸ਼ ਕੁਮਾਰ ਪਾਠਕ ਅਤੇ ਐਲ.ਡਬਲਿਊ.ਟੀ.ਆਰ. ਹਰਨੇਕ ਸਿੰਘ ਦੇ ਭਤੀਜੇ ਸ੍ਰੀ ਤਲਵਿੰਦਰ ਸਿੰਘ ਸ਼ਾਮਲ ਸਨ, ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਰੌਸ਼ਨ ਕਰਦਿਆਂ ਬਹਾਦਰ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੋਈ, ਜਿਸ ਤੋਂ ਬਾਅਦ ਐਨ.ਸੀ.ਸੀ. ਕੈਡਿਟਾਂ ਵੱਲੋਂ ਦੇਸ਼ ਭਗਤੀ ਦੇ ਗੀਤ, ਸਕਿੱਟ ਅਤੇ ਡਾਂਸ ਪੇਸ਼ ਕੀਤਾ ਗਿਆ ਜਿਨ੍ਹਾਂ  ਹਾਜ਼ਰ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ। ਬ੍ਰਿਗੇਡੀਅਰ ਜਸਜੀਤ ਘੁੰਮਣ, ਗਰੁੱਪ ਕਮਾਂਡਰ ਐਨ.ਸੀ.ਸੀ. ਗਰੁੱਪ ਹੈੱਡਕੁਆਰਟਰ ਲੁਧਿਆਣਾ, ਕਰਨਲ ਅਮਨ ਯਾਦਵ ਕਮਾਂਡਿੰਗ ਅਫਸਰ 3 ਪੰਜਾਬ ਗਰਲਜ਼ ਲੁਧਿਆਣਾ ਅਤੇ ਮੇਜਰ ਸੋਨੀਆ ਸੋਨੀ ਐਡਮਿਨ ਅਫਸਰ 3 ਪੰਜਾਬ ਗਰਲਜ਼ ਲੁਧਿਆਣਾ ਦੀ ਤਰਫੋਂ, ਬਹਾਦਰ ਸੈਨਿਕਾਂ ਦੇ ਆਸ਼ਰਿਤਾਂ ਦਾ ਧੰਨਵਾਦ ਕਰਦਿਆਂ ਸ਼ਾਲ ਭੇਂਟ ਕੀਤੀਆਂ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ। ਪ੍ਰੋਗਰਾਮ ਤੋਂ ਬਾਅਦ ਸਾਰੇ ਮਹਿਮਾਨਾਂ ਅਤੇ ਕੈਡਿਟਾਂ ਲਈ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਜਿੱਥੇ ਇੱਕ ਪਾਸੇ ਕਰਨਲ ਅਮਨ ਯਾਦਵ ਨੇ ਸਾਡੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਜ਼ਦੀਕੀਆਂ ਦੇ ਜ਼ਜਬੇ ਨੂੰ ਸਲਾਮ ਕੀਤਾ, ਉੱਥੇ ਉਨ੍ਹਾਂ ਕੈਡਿਟਾਂ ਨੂੰ ਵੀ ਸੁਚੇਤ ਰਹਿਣ ਅਤੇ ਸਾਡੀ ਮਾਤ ਭੂਮੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਾਨ ਵਾਰ ਜਾਣਾ, ਸੱਭ ਤੋਂ ਵੱਡੀ ਕੁਰਬਾਨੀ ਹੈ।

About Author

Leave A Reply

WP2Social Auto Publish Powered By : XYZScripts.com