Saturday, May 10

ਸ਼ੇਰਪੁਰ ਚੌਂਕ ਤੋਂ ਜਲੰਧਰ ਬਾਈਪਾਸ ਚੌਂਕ ਤੱਕ 11.64 ਕਰੋੜ ਰੁਪਏ ਦੀ ਲਾਗਤ ਵਾਲੀ ਸੜਕ ਦੀ ਮੁਰੰਮਤ ਦੇ ਨਾਲ ਸੁੰਦਰੀਕਰਨ ਲਈ ਗ੍ਰੀਨ ਬੈਲਟ ਵੀ ਕੀਤੀ ਜਾਵੇਗੀ ਵਿਕਸਤ

  • ਕੈਬਨਿਟ ਮੰਤਰੀ ਆਸ਼ੂ ਵੱਲੋਂ ਸ਼ੇਰਪੁਰ ਚੌਂਕ ਤੋਂ ਜਲੰਧਰ ਬਾਈਪਾਸ ਤੱਕ ਦੀ ਸੜ੍ਹਕ ਦੇ ਕੰਮ ਦਾ ਕੀਤਾ ਉਦਘਾਟਨ

ਲੁਧਿਆਣਾ, (ਸੰਜੇ ਮਿੰਕਾ) – ਲੁਧਿਆਣਾ ਸ਼ਹਿਰ ਦੇ ਸੜ੍ਹਕੀ ਬੁਨਿਆਦੀ ਢਾਂਚੇ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ੇਰਪੁਰ ਚੌਂਕ ਤੋਂ ਜਲੰਧਰ ਬਾਈਪਾਸ ਚੌਂਕ (ਪੁਰਾਣਾ ਜੀ.ਟੀ. ਰੋਡ) ਤੱਕ 11.64 ਕਰੋੜ ਰੁਪਏ ਦੀ ਲਾਗਤ ਵਾਲੀ 7.5 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਦੇ ਨਾਲ ਗ੍ਰੀਨ ਬੈਲਟ ਵਿਕਸਤ ਕਰਨ ਦੇ ਕੰਮ ਦਾ ਉਦਘਾਟਨ ਕੀਤਾ। ਸ਼ੇਰਪੁਰ ਚੌਕ ਤੋਂ ਜਗਰਾਓਂ ਪੁਲ ਤੱਕ 3.16 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਦਿਆਂ ਸ੍ਰੀ ਆਸ਼ੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਨਿਗਮ ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਇਸ ਪ੍ਰੋਜੈਕਟ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਇਸ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੂਰੇ 7.5 ਕਿਲੋਮੀਟਰ ਸੜਕ ਦੇ ਪ੍ਰੋਜੈਕਟ ਵਿੱਚ ਗ੍ਰੀਨ ਬੈਲਟ ਦਾ ਵਿਕਾਸ, ਹਰੀ ਘਾਹ ਤੇੇ ਪੌਦੇ, ਫੁੱਟਪਾਥਾਂ ਦਾ ਨਿਰਮਾਣ ਅਤੇ ਹੋਰ ਵੀ ਸ਼ਾਮਲ ਹਨ ਅਤੇ ਕਿਹਾ ਕਿ ਇਸ ਸੜਕ ਨੂੰ ਰਸਮੀ ਤੌਰ ‘ਤੇ ਪੁਰਾਣੇ ਜੀ.ਟੀ. ਰੋਡ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਨੇ ਲੁਧਿਆਣਾ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੇ ਬਾਕੀ ਰਹਿੰਦੇ ਹਿੱਸੇ ਦੇ ਟੈਂਡਰ ਅਲਾਟ ਹੋ ਚੁੱਕੇ ਹਨ ਅਤੇ ਜਲਦ ਹੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਆਸ਼ੂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸ਼ਹਿਰ ਦੇ ਸੁੰਦਰੀਕਰਨ ਨੂੰ ਯਕੀਨੀ ਬਣਾਉਣ ਲਈ ਸ਼ਹਿਰੀ ਖੇਤਰਾਂ ਦੇ ਸੜਕੀ ਨੈਟਵਰਕ ਦੇ ਸੁਧਾਰ ਅਤੇ ਗ੍ਰੀਨ ਬੈਲਟ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਸੂਬੇ ਦੇ ਉਦਯੋਗਿਕ ਹੱਬ ਨੂੰ ਸਮਾਰਟ ਅਤੇ ਅਤਿ-ਆਧੁਨਿਕ ਸ਼ਹਿਰ ਵਿੱਚ ਬਦਲਣ ਲਈ ਮਿਸਾਲੀ ਫੈਸਲੇ ਲੈ ਰਹੀ ਹੈ। ਇਸ ਮੌਕੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਣੀਅਮ, ਕੌਂਸਲਰ ਸਵਰਨਦੀਪ ਸਿੰਘ ਚਾਹਲ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਸ.ਜਰਨੈਲ ਸਿੰਘ ਸ਼ਿਮਲਾਪੁਰੀ, ਸ. ਅਰਜੁਨ ਸਿੰਘ ਚੀਮਾ, ਸੋਨੂੰ ਡਿਕੋ ਅਤੇ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com