Friday, January 23

ਡੀ.ਸੀ. ਵੱਲੋਂ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ ਕਰਨ ਦੇ ਨਿਰਦੇਸ਼

  • ਪੁਲਿਸ ਵਿਭਾਗ ਨੂੰ ਕਿਹਾ ! ਮਾੜੇ ਅੰਸਰਾਂ, ਅਸਲਾ ਧਾਰਕਾਂ ਤੇ ਪਿਛਲੀਆਂ ਚੋਣਾਂ ਦੌਰਾਨ ਦਰਜ਼ ਹੋਏ ਮੁਕੱਦਮਿਆਂ ਦੀਆਂ ਬਣਾਈਆਂ ਜਾਣ ਸੂਚੀਆਂ

ਲੁਧਿਆਣਾ, (ਸੰਜੇ ਮਿੰਕਾ)  – ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਨਿਰਪੱਖ ਮਤਦਾਨ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕਮਰ ਕੱਸਣ ਅਤੇ ਸੰਵੇਦਨਸ਼ੀਲ ਮੈਪਿੰਗ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਮੁਕੰਮਲ ਕਰਨ ਲਈ ਕਿਹਾ। ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓਜ਼) ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸ਼ਰਮਾ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬੂਥਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਕਿਹਾ ਅਤੇ ਉਨ੍ਹਾਂ ਨੂੰ ਫੀਲਡ ਵਿਜ਼ਿਟ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕਰਨ ਤੋਂ ਬਾਅਦ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਉਹ ਸਥਾਨਕ ਸਹਾਇਕ ਪੁਲਿਸ ਕਮਿਸ਼ਨਰਾਂ/ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀਜ਼) ਅਤੇ ਸਟੇਸ਼ਨ ਹਾਊਸ ਅਫਸਰਾਂ (ਐਸ.ਐਚ.ਓਜ਼) ਨਾਲ ਮੀਟਿੰਗਾਂ ਕਰਕੇ ਸ਼ਰਾਰਤੀ ਅੰਸਰਾਂ ਦੀਆਂ ਸੂਚੀਆਂ ਤਿਆਰ ਕਰਨ। ਇਸ ਤੋਂ ਇਲਾਵਾ ਪੈਰੋਲ ਜੰਪਰ, ਹਿਸਟਰੀ ਸ਼ੀਟਰ, ਬੇਲ ਜੰਪਰ, ਮਾਹੌਲ ਖ਼ਰਾਬ ਕਰਨ ਵਾਲਿਆਂ ਅਤੇ ਹੋਰਾਂ ਬਾਰੇ ਰਿਪੋਰਟਾਂ ਵੀ ਤਿਆਰ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਇਸ ਤੋਂ ਇਲਾਵਾ, ਚੋਣਾਂ ਤੋਂ ਪਹਿਲਾਂ ਅਸਲਾ ਧਾਰਕਾਂ, ਸੰਵੇਦਨਸ਼ੀਲ ਹਲਕਿਆਂ ਅਤੇ ਹੋਰਾਂ ਬਾਰੇ ਵੇਰਵੇ ਤਿਆਰ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਅਤੇ ਲੋਕ ਸਭਾ ਚੋਣਾਂ 2019 ਦੌਰਾਨ ਦਰਜ ਐਫ.ਆਈ.ਆਰਜ਼ ਦੀ ਸਥਿਤੀ ਬਾਰੇ ਵੀ ਚਾਨਣਾ ਪਾਇਆ ਜਾਵੇ। ਸ੍ਰੀ ਸ਼ਰਮਾ ਨੇ ਪੁਲਿਸ ਵਿਭਾਗ ਨੂੰ ਇਹ ਵੀ ਕਿਹਾ ਕਿ ਉਹ ਅਸਲਾ ਧਾਰਕਾਂ ਦੀਆਂ ਸੂਚੀਆਂ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖਣ ਤਾਂ ਜੋ ਚੋਣ ਜ਼ਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਅਸਲਾਂ ਧਾਰਕਾਂ ਨੂੰ ਹਥਿਆਰ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਜਾ ਸਕਣ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਗਠਿਤ ਕਰਨ ਦੇ ਹੁਕਮ ਵੀ ਦਿੱਤੇ ਤਾਂ ਜੋ ਚੋਣਾਂ ਦੌਰਾਨ ਆਪੋ-ਆਪਣੇ ਖੇਤਰਾਂ ਵਿੱਚ ਚੈਕਿੰਗ ਕੀਤੀ ਜਾ ਸਕੇ। ਸ੍ਰੀ ਸ਼ਰਮਾ ਨੇ ਏ.ਆਰ.ਓਜ਼ ਨੂੰ ਕਿਹਾ ਕਿ ਉਹ ਗਿਣਤੀ ਕੇਂਦਰਾਂ ਦੀਆਂ ਸੂਚੀਆਂ ਭੇਜਣ ਤਾਂ ਜੋ ਸਾਰੀ ਜਾਣਕਾਰੀ ਚੋਣ ਕਮਿਸ਼ਨ ਨੂੰ ਭੇਜੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ 20 ਅਤੇ 21 ਨਵੰਬਰ ਨੂੰ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੌਰਾਨ ਪੋਲਿੰਗ ਬੂਥਾਂ ‘ਤੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਨਵੇਂ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਯੁਕਤ ਪੁਲਿਸ ਕਮਿਸ਼ਨਰ ਹਰੀਸ਼ ਦਿਆਮਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਏ.ਸੀ.ਏ. ਗਲਾਡਾ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਡਾ. ਨਯਨ ਜੱਸਲ, ਐਸ.ਡੀ.ਐਮਜ਼ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡਾ. ਵਨੀਤ ਕੁਮਾਰ, ਸ੍ਰੀ ਜਗਦੀਪ ਸਹਿਗਲ, ਸ੍ਰੀ ਵਿਕਾਸ ਹੀਰਾ, ਸ.ਗੁਰਬੀਰ ਸਿੰਘ ਕੋਹਲੀ, ਦੀਪਜੋਤ ਕੌਰ, ਮਨਜੀਤ ਕੌਰ, ਆਰ.ਟੀ.ਏ. ਸ.ਨਰਿੰਦਰ ਸਿੰਘ ਧਾਲੀਵਾਲ, ਸੰਯੁਕਤ ਨਗਰ ਨਿਗਮ ਕਮਿਸ਼ਨਰ ਪੂਨਮਪ੍ਰੀਤ ਕੌਰ, ਅੰਕੁਰ ਮਹਿੰਦਰੂ, ਡੀ.ਡੀ.ਪੀ.ਓ ਸ੍ਰੀ ਸੰਜੀਵ ਕੁਮਾਰ, ਚੋਣ ਤਹਿਸੀਲਦਾਰ ਸ੍ਰੀਮਤੀ ਅੰਜੂ ਬਾਲਾ ਅਤੇ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com