Saturday, May 10

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦਾ ਫੈਸਲਾ ਪੰਜਾਬ ਸਰਕਾਰ ਅਗਲੀ ਕੈਬਨਿਟ ਮੀਟਿੰਗ ‘ਚ ਲਵੇਗੀ – ਮਨਪ੍ਰੀਤ ਸਿੰਘ ਬਾਦਲ

  • ਵਿੱਤ ਮੰਤਰੀ ਨੇ ਲੁਧਿਆਣਾ ‘ਚ ਬਾਬਾ ਵਿਸ਼ਵਕਰਮਾ ਜੀ ਮੰਦਿਰ ਦੇ ਨਵੀਨੀਕਰਨ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਕੀਤੀ ਘੋਸ਼ਣਾ
  • ਆਸ਼ੂ ਤੇ ਕੋਟਲੀ ਨੇ ਵੀ ਮੰਦਿਰ ਲਈ 10-10 ਲੱਖ ਰੁਪਏ ਦੀ ਗ੍ਰਾਂਟ ਦਾ ਕੀਤਾ ਐਲਾਨ
  • ਵਿਸ਼ਵਕਰਮਾ ਦਿਵਸ ਮੌਕੇ ਅੱਜ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਦੇ ਵਿੱਤ ਤੇ ਕਰ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਬਾਰੇ ਫੈਸਲਾ ਕੱਲ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਵੇਗੀ। ਅੱਜ ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਬਾਬਾ ਵਿਸ਼ਵਕਰਮਾ ਜੀ ਦਾ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਲਈ ਵੀ ਭਾਰੀ ਰਾਹਤ ਦੇਣ ਦੀ ਇੱਛੁਕ ਹੈ ਪਰ ਅੰਤਿਮ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਐਕਸਾਈਜ਼ ਡਿਊਟੀ ਹਾਲੇ ਹੋਰ ਘੱਟ ਕਰਨੀ ਚਾਹੀਦੀ ਹੈ। ਇਸ ਮੌਕੇ ਵਿਧਾਇਕਾਂ ਸ੍ਰੀ ਸੁਰਿੰਦਰ ਕੁਮਾਰ ਡਾਵਰ, ਸ੍ਰੀ ਸੰਜੇ ਤਲਵਾੜ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ (ਪੀ.ਐੱਮ.ਆਈ.ਡੀ.ਬੀ) ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐੱਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ.ਬਾਵਾ, ਪੀ.ਐੱਲ.ਆਈ.ਡੀ.ਬੀ. ਦੇ ਚੇਅਰਮੈਨ ਸ੍ਰੀ ਪਵਨ ਦੀਵਾਨ, ਪੀ.ਐਲ.ਆਈ.ਡੀ.ਬੀ. ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਰਮੇਸ਼ ਜੋਸ਼ੀ, ਈਸ਼ਵਰਜੋਤ ਸਿੰਘ ਚੀਮਾ, ਪਰਮਿੰਦਰ ਮਹਿਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ, ਪੁਲਿਸ, ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਹਰ ਖੇਤਰ ਦਾ ਧਿਆਨ ਰੱਖਣਾ ਹੈ ਅਤੇ ਲੋਕਾਂ ਲਈ ਕਈ ਸਮਾਜ ਭਲਾਈ ਸਕੀਮਾਂ ਚਲਾਉਣੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ੋਤੇ ਜ਼ਿਆਦਾ ਟੈਕਸ ਵਸੂਲਦੀ ਹੈ ਪਰ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਤੋਂ ਘੱਟ ਕਰਨ ਲਈ ਬਹੁਤ ਉਤਸੁਕ ਹੈ ਅਤੇ ਇਸ ਕਟੌਤੀ ਦਾ ਐਲਾਨ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ‘ਕਿਰਤ ਦੇ ਦੇਵਤਾ’ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ (ਸ੍ਰਿਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਵੀ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਦੇਖ ਰਹੇ ਹਾਂ, ਉਹ ਬਾਬਾ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਅਤੇ ਮਸ਼ੀਨੀ ਹੁਨਰ ਨਾਲ ਹੀ ਹੋ ਰਿਹਾ ਹੈ। ਵਿੱਤ ਮੰਤਰੀ ਨੇ ਬਾਬਾ ਵਿਸ਼ਵਕਰਮਾ ਮੰਦਰ ਦੇ ਨਵੀਨੀਕਰਨ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗ ਤੇ ਵਣਜ ਮੰਤਰੀ ਸ.ਗੁਰਕੀਰਤ ਸਿੰਘ ਕੋਟਲੀ ਵੀ ਬਾਬਾ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋਏ ਅਤੇ ਦੋਵਾਂ ਮੰਤਰੀਆਂ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ 10-10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਦਯੋਗਪਤੀ ਵਨੀਤ ਮੌਦਗਿੱਲ, ਤਰਵਿੰਦਰ ਸਿੰਘ, ਸ਼ੈਲ ਵਿਨਾਇਕ, ਨੀਰਜ ਕੁਮਾਰ ਧੀਰ, ਹਰਵਿੰਦਰ ਸਿੰਘ ਧੀਮਾਨ, ਦੀਪਜੋਤ ਸਿੰਘ ਸੇਠੀ, ਨਿਖਿਲ ਢੰਡ, ਰੋਹਿਤ ਆਹੂਜਾ, ਤਰੁਣ ਨੰਦਾ, ਪੁਨੀਤ ਗੋਇਲ ਅਤੇ ਦੀਦਾਰਜੀਤ ਸਿੰਘ ਲੋਟੇ ਨੂੰ ਉਦਯੋਗ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਬਲਵੰਤ ਸਿੰਘ ਹੁੰਜਣ, ਜਸਕਰਨਦੀਪ ਸਿੰਘ, ਰਣਜੀਤ ਸਿੰਘ, ਅਰਬਿੰਦਰ ਸਿੰਘ, ਕਿਰਪਾਲ ਸਿੰਘ ਸਾਗਰ, ਦਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com