- ਉੱਘੇ ਸਿਆਸਤਦਾਨਾਂ ਤੇ ਕਾਰੋਬਾਰੀਆਂ ਵੱਲੋਂ ਨਮ ਅੱਖਾਂ ਨਾਲ ਦਿੱਤੀ ਗਈ ਸਰਧਾਂਜਲੀ
ਲੁਧਿਆਣਾ, (ਸੰਜੇ ਮਿੰਕਾ) – ਸਵਤੰਤਰਤਾ ਸੈਨਾਨੀ ਸ੍ਰੀ ਰਜਿੰਦਰ ਪਾਲ ਸਿਆਲ ਦਾ ਅੰਤਿਮ ਸਸਕਾਰ ਅੱਜ ਸਥਾਨਕ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਪਨ ਹੋਇਆ। ਸ੍ਰੀ ਸਿਆਲ ਦੀ ਅੰਤਿਮ ਯਾਤਰਾ ਮੌਕੇ ਸ਼ਹਿਰ ਦੀਆਂ ਉੱਘੀਆਂ ਸਖ਼ਸ਼ੀਅਤਾਂ ਵੱਲੋਂ ਸਮੂਲੀਅਤ ਕੀਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ 12 ਵਜੇ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਰਵਾਨਾ ਕੀਤਾ ਗਿਆ। ਸ੍ਰੀ ਕ੍ਰਿਸ਼ਨਾ ਮੰਦਿਰ, ਮਾਡਲ ਟਾਊਨ ਦੇ ਅਹੁਦੇਦਾਰਾਂ, ਆਰਯਾ ਸਮਾਜ ਮੰਦਿਰ ਮਾਡਲ ਟਾਊਨ, ਬੀ.ਸੀ.ਐਮ. ਆਰਯਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਅਤੇ ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸ਼ਤਰੀ ਨਗਰ ਵੱਲੋਂ ਸ੍ਰੀ ਸਿਆਲ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਨੂੰ ਸਰਧਾਂਜਲੀ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ‘ਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ.ਕੁਲਦੀਪ ਸਿੰਘ ਵੈਦ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਐਸ.ਡੀ.ਐਮ. ਪੂਰਬੀ ਤੋਂ ਇਲਾਵਾ ਪ੍ਰਸਿੱਧ ਕਾਰੋਬਾਰੀ ਗੁਰਮੀਤ ਕੁਲਾਰ, ਹਰਭਜਨ ਸਿੰਘ ਡੰਗ ਸ਼ਾਮਲ ਸਨ।