- ਵੱਖ-ਵੱਖ ਪਿੰਡਾਂ ਤੇ ਦਾਣਾ ਮੰਡੀਆਂ ‘ਚ ਲਗਾਏ ਹੋਰਡਿੰਗਜ਼ ਤੇ ਪੋਸਟਰ
ਲੁਧਿਆਣਾ, (ਸੰਜੇ ਮਿੰਕਾ) – ਕਿਸਾਨਾਂ ਨੂੰ ਪਰਾਲੀ ਸਾੜ੍ਹਨ ਦੇ ਮਾੜੇ ਪ੍ਰਭਾਵਾਂ ਅਤੇ ਕੋਵਿਡ-19 ਸੁਰੱਖਿਆ ਪ੍ਰੋਟੋਕਾਲ, (ਜਿਸ ਵਿੱਚ ਸਮਾਜਿਕ ਦੂਰੀ, ਮਾਸਕ ਪਹਿਨਣਾ, ਹੱਥਾਂ ਦੀ ਸਫਾਈ ਸ਼ਾਮਲ ਹਨ) ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪਿੰਡਾਂ ਅਤੇ ਦਾਣਾ ਮੰਡੀਆਂ ਵਿੱਚ ਹੋਰਡਿੰਗਜ਼ ਅਤੇ ਪੋਸਟਰ ਲਗਾਏ ਗਏ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕਦਮ ਲੁਧਿਆਣਾ ਨੂੰ ਪਰਾਲੀ ਸਾੜਨ ਦੇ ਖਤਰੇ ਤੋਂ ਮੁਕਤ ਰੱਖਣ ਅਤੇ ਝੋਨੇ ਦੀ ਖਰੀਦ ਕਾਰਜ਼ਾਂ ਦੌਰਾਨ ਕੋਵਿਡ ਤੋਂ ਬਚਾਅ ਰੱਖਣ ਲਈ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਭਾਵਸ਼ਾਲੀ ਤਰੀਕੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿਸਾਨਾਂ ਅਤੇ ਹੋਰਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਕੋਵਿਡ-19 ਮਹਾਂਮਾਰੀ ਤੋਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਿੰਡਾਂ ਅਤੇ ਅਨਾਜ ਮੰਡੀਆਂ/ਖਰੀਦ ਕੇਂਦਰਾਂ ਵਿੱਚ ਇਹ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਾਰੇ ਕਿਸਾਨ ਪਰਾਲੀ ਸਾੜਨ ਦੀ ਪ੍ਰਥਾ ਨੂੰ ਛੱਡ ਦੇਣ ਅਤੇ ਖਰੀਦ ਕਾਰਜਾਂ ਵਿੱਚ ਸ਼ਾਮਲ ਲੋਕ ਸਮਾਜਿਕ ਦੂਰੀਆਂ, ਮਾਸਕ ਪਹਿਨਣ ਅਤੇ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਰਾਲੀ ਸਾੜਨ ਦੀ ਪ੍ਰਥਾ ਨੂੰ ਜੜ੍ਹੋਂ ਖਤਮ ਕਰਨ ਲਈ ਸਖਤ ਯਤਨ ਕਰ ਰਿਹਾ ਹੈ ਜਿਸ ਤੋਂ ਕਿ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਖਤਰਾ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਤਿ-ਆਧੁਨਿਕ ਉਪਕਰਣਾਂ ਦੀ ਸਹਾਇਤਾ ਨਾਲ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਨੂੰ ਅਪਣਾਉਣ ਜਿਸ ‘ਤੇ ਵੱਡੇ ਪੱਧਰ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸ਼ਨ ਪਹਿਲਾਂ ਹੀ ਮਹਾਂਕਾਰੀ ਕਰਕੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਦਾਣਾ ਮੰਡੀਆਂ ‘ਚ ਭੀੜ ਨੂੰ ਘੱਟ ਕਰਨ ਲਈ, ਮੌਜੂਦਾ 108 ਦਾਣਾ ਮੰਡੀਆਂ ਦੇ ਨਾਲ ਵਾਧੂ ਯਾਰਡਾਂ ਦੀ ਨਿਸ਼ਾਨਦੇਹੀ ਕਰਕੇ ਜ਼ਿਲ੍ਹੇ ਵਿੱਚ ਖਰੀਦ ਕੇਂਦਰਾਂ ਵਿੱਚ ਵਾਧਾ ਕੀਤਾ ਹੈ। ਡਿਪਟੀ ਡੀ.ਐਮ.ਓ ਬੀਰ ਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਹੋਰਡਿੰਗਜ਼/ਪੋਸਟਰ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੀਆਂ ਮੰਡੀਆਂ ਅਤੇ ਸਟਾਫ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ।