- ਨਿਗਮ ਕੌਂਸਲਰ ਮਮਤਾ ਆਸ਼ੂ ਤੇ ਏ.ਡੀ.ਸੀ. ਜਗਰਾਉਂ ਨੇ ਯਾਦਗਾਰੀ ਪ੍ਰਾਪਤੀ ਲਈ ਸਿਹਤ ਵਿਭਾਗ ਦੀ ਕੀਤੀ ਸ਼ਲਾਘਾ
- ਪਿਛਲੇ 20 ਦਿਨਾਂ ਦੌਰਾਨ ਲੁਧਿਆਣਾ ‘ਚ 5 ਲੱਖ ਕੋਵਿਡ ਖੁਰਾਕਾਂ ਦਿੱਤੀਆਂ
ਲੁਧਿਆਣਾ, (ਸੰਜੇ ਮਿੰਕਾ) – ਆਪਣੀ ਪ੍ਰਾਪਤੀ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਲੁਧਿਆਣਾ ਵਿੱਚ 3 ਮਿਲੀਅਨ ਕੋਵਿਡ-ਵਿਰੋਧੀ ਟੀਕੇ ਦੀ ਖੁਰਾਕ ਦੇਣ ਦੀ ਰਿਕਾਰਡ ਤੋੜ ਪ੍ਰਾਪਤੀ ਦਾ ਜਸ਼ਨ ਮਨਾਇਆ। ਇਸ ਅਨੋਖੇ ਕਾਰਨਾਮੇ ਵਿੱਚ ਡਾਕਟਰਾਂ ਅਤੇ ਪੈਰਾਮੈਡਿਕਸ ਸਮੇਤ ਸਿਹਤ ਕਾਮਿਆਂ ਨੂੰ ਉਨ੍ਹਾਂ ਦੇ ਲਾ-ਮਿਸਾਲ ਯਤਨਾਂ ਲਈ ਵਧਾਈ ਦਿੰਦੇ ਹੋਏ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ ਟੀਕਾਕਰਣ ਡਾ. ਨਯਨ ਨੇ ਕਿਹਾ ਕਿ ਇਸ ਨਾਲ ਕੋਵਿਡ-19 ਵਿਰੁੱਧ ਲੜਾਈ ਵਿੱਚ ਸਾਡੀ ਕੋਸ਼ਿਸ਼ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਲੋਕਾਂ ਨੂੰ 3041898 ਕੋਵਿਡ ਖੁਰਾਕਾਂ ਵਿੱਚੋ਼ 2158459 ਯੋਗ ਲਾਭਪਾਤਰੀਆਂ ਨੂੰ ਪਹਿਲੀ ਡੋਜ ਦਾ ਪ੍ਰਬੰਧ ਕਰਕੇ ਮੋਹਰੀ ਜ਼ਿਲ੍ਹਾ ਬਣਿਆ ਹੈ ਅਤੇ 16 ਜਨਵਰੀ ਤੋਂ ਟੀਕਾਕਰਣ ਸ਼ੁਰੂ ਹੋਣ ਤੋਂ ਬਾਅਦ 5 ਅਕਤੂਬਰ ਤੱਕ 883439 ਲੋਕਾਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸਦਾ ਸਿੱਧਾ ਅਰਥ ਹੈ ਕਿ ਲੁਧਿਆਣਾ ਦੀ 82 ਫੀਸਦ ਆਬਾਦੀ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਹੋਈ ਹੈ ਅਤੇ ਲਗਭਗ 34 ਫੀਸ਼ਦ ਲੋਕਾਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਟੀਕਾਕਰਨ ਦੀ ਗਤੀ ਵਿੱਚ ਲਗਾਤਾਰ ਤੇਜ਼ੀ ਲਿਆ ਰਿਹਾ ਹੈ ਅਤੇ ਪਿਛਲੇ 20 ਦਿਨਾਂ ਵਿੱਚ ਪੰਜ ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸਦਾ ਮਤਲਬ ਪ੍ਰਤੀ ਦਿਨ ਓਸਤਨ 25000 ਕੋਵਿਡ-19 ਖੁਰਾਕਾਂ ਦਾ ਟੀਕਾ ਲਗਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਨੇ 16 ਸਤੰਬਰ ਨੂੰ 2.5 ਮਿਲੀਅਨ ਖੁਰਾਕਾਂ ਦੇਣ ਦਾ ਮੀਲ ਪੱਥਰ ਵੀ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਵਾਇਰਸ ‘ਤੇ ਫਤਿਹ ਪਾਉਣ ਲਈ ਵੈਕਸੀਨ ਹੀ ਇਕੋ ਇਕ ਰਸਤਾ ਹੈ ਅਤੇ ਸਮਾਜ ਨੂੰ ਸਧਾਰਣਤਾ ਵੱਲ ਵਾਪਸ ਆਉਣ ਵਿਚ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਯੋਗ ਵਿਅਕਤੀ ਨੂੰ ਛੇਤੀ ਤੋਂ ਛੇਤੀ ਟੀਕਾ ਲਗਾਉਣ ਵਿੱਚ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਵੈਕਸੀਨ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਇਹ ਆਉਂਦੀ ਹੈ, ਲੋਕਾਂ ਨੂੰ ਬਿਨਾਂ ਦੇਰੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦੇ ਰਹਿਣ ਜਿਸ ਵਿੱਚ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਈ ਰੱਖਣੀ, ਹੱਥਾਂ ਦੀ ਸਫਾਈ ਅਤੇ ਟੀਕਾਕਰਨ ਸ਼ਾਮਲ ਹੈ, ਨਹੀਂ ਤਾਂ ਢਿੱਲਾ ਰਵੱਈਆ ਨਿਸ਼ਚਤ ਰੂਪ ਨਾਲ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਸੱਦਾ ਦੇਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਦਿਲਰਾਜ ਸਿੰਘ, ਸਹਾਇਕ ਸਿਵਲ ਸਰਜਨ ਵਿਵੇਕ ਕਟਾਰੀਆ ਵੀ ਮੌਜੂਦ ਸਨ।