Wednesday, March 12

ਸਿਹਤ ਵਿਭਾਗ ਵੱਲੋਂ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ

ਲੁਧਿਆਣਾ, (ਸੰਜੇ ਮਿੰਕਾ)  – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਐਪੀਡੀਮੋਲੋਜਿਸਟ ਡਾ.ਰਮੇਸ਼ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ, ਜਿਸ ਦਾ ਥੀਮ ‘Facts, not Fear’ ਸੀ। ਡਾ.ਰਮੇਸ਼ ਕੁਮਾਰ ਨੇ ਦੱਸਿਆ ਕਿ ਰੈਬੀਜ਼ (ਹਲਕਾਅ) ਇਕ ਜਾਨਲੇਵਾ ਬਿਮਾਰੀ ਹੈ, ਜੋਕਿ ਕਿਸੇ ਵੀ ਜਾਨਵਰ ਦੇ ਕੱਟਣ ਤੋ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਜਾਨਵਰ ਜਿਵੇ ਕਿ ਕੁੱਤਾ, ਬਿੱਲੀ, ਚੂਹਾ, ਬਾਂਦਰ, ਚੰਮਗਿੱਦੜ, ਲੰਗੂਰ, ਖਰਗੋਸ਼, ਨਿਓਲਾ ਆਦਿ ਕੱਟ ਲੈਂਦਾ ਹੈ ਤਾਂ ਜਖ਼ਮ ਨੂੰ ਵਗਦੇ ਸਾਫ ਪਾਣੀ ਨਾਲ ਸਾਬਣ ਲਗਾ ਕੇ 15 ਮਿੰਟ ਲਈ ਧੋਵੋ ਅਤੇ ਜਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰੋ। ਉਨ੍ਹਾਂ ਕਿਹਾ ਕਿ ਜਖਮ ਨੂੰ ਕਦੇ ਵੀ ਨੰਗੇ ਹੱਥ ਨਾਂ ਲਗਾਓ ਅਤੇ ਜਖਮ ‘ਤੇ ਤੇਲ, ਮਿਰਚ, ਨਿੰਬੂ, ਪੱਤੇ ਜਾਂ ਕਿਸੇ ਹੋਰ ਤਰ੍ਹਾਂ ਦਾ ਪਦਾਰਥ ਨਾ ਲਗਾਓ ਅਤੇ ਨਾ ਹੀ ਪੱਟੀ ਕਰੋ। ਇਸ ਤੋਂ ਇਲਾਵਾ ਮਰੀਜ ਨੂੰ ਜਲਦ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਮੁਕੰਮਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੇ ਹਲਕਾਈ ਮੱਝ ਜਾਂ ਗਾਂ ਦਾ ਦੁੱਧ ਪੀਤਾ ਹੈ, ਤਾਂ ਉਸਨੂੰ ਲਾਜ਼ਮੀ ਤੌਰ ‘ਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਡਾ. ਕੁਮਾਰ ਨੇ ਦੱਸਿਆ ਕਿ ਰੈਬੀਜ ਦਾ ਟੀਕਾਕਰਨ ਜਿਲਾ ਹਸਪਤਾਲ, ਸਬ-ਡਵੀਜਨਲ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਂਟਰਾ ਵਿਚ ਹਰ ਰੋਜ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਜਾਨਵਰਾਂ ਦੇ ਕੱਟਣ ਤੋਂ ਬਚਾਅ ਕੇ ਰੱਖਿਆ ਜਾਵੇ ਅਤੇ ਕਿਸੇ ਵੀ ਜਾਨਵਰ ਦੇ ਕੱਟਣ ‘ਤੇ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਦੱਸਿਆ ਕਿ ਜਿੰਨਾ ਨੇ ਆਪਣੇ ਘਰਾਂ ਵਿਚ ਪਾਲਤੂ ਜਾਨਵਰ ਪਾਲੇ ਹੋਏ ਹਨ, ਉਹਨਾਂ ਦੀ ਮੁਕੰਮਲ ਵੈਕਸੀਨੇਸ਼ਨ ਕਰਵਾਈ ਜਾਵੇ। ਬੱਚਿਆ ਨੂੰ ਅਵਾਰਾ ਜਾਨਵਰਾਂ ਤੋਂ ਦੂਰ ਰਹਿਣ ਅਤੇ ਉਹਨਾ ਨਾਲ ਨਾ ਖੇਡਣ ਦੀ ਸਲਾਹ ਦਿਤੀ ਜਾਵੇ। ਇਸੇ ਲੜੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ ਲੁਧਿਆਣਾ ਵਿਖੇ ਬੱਚਿਆ ਨੂੰ ਰੈਬੀਜ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ। ਸਕੂਲੀ ਬੱਚਿਆ ਨੂੰ ਜਾਣਕਾਰੀ ਦੇਣ ਵਿਚ ਪ੍ਰਿੰਸੀਪਲ ਤਸਕੀਨ ਅਖਤਰ ਨੇ ਪੂਰਨ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲਾਂ ਅਤੇ ਕੰਮਿਊਨਿਟੀ ਹੈਲਥ ਸੈਂਟਰਾ ਵਿੱਚ ਵੀ ਅਵੈਅਰਨੈਸ ਕੈਂਪ ਲਗਾਏ ਗਏ।

About Author

Leave A Reply

WP2Social Auto Publish Powered By : XYZScripts.com