
- ਕਿਹਾ! ਇੱਕ ਹਫ਼ਤੇ ‘ਚ ਸਾਰੀਆਂ ਸੜ੍ਹਕਾਂ ਦੀ ਕੀਤੀ ਜਾਵੇ ਮੁਰੰਮਤ, ਨਹੀਂ ਤਾਂ ਕਾਰਵਾਈ ਦਾ ਕਰਨਾ ਪਵੇਗਾ ਸਾਹਮਣਾ
- ਨਿਗਮ ਕਮਿਸ਼ਨਰ ਨੂੰ ਸ਼ਹਿਰ ਦੀਆਂ ਸਾਰੀਆਂ ਸੜ੍ਹਕਾਂ ਦੀ ਮੁਰੰਮਤ ਲਈ ਰੋਡਮੈਪ ਤਿਆਰ ਕਰਨ ਦੇ ਵੀ ਦਿੱਤੇ ਨਿਰਦੇਸ਼
- ਸ਼ਹਿਰਵਾਸੀ ਆਪਣੀ ਸ਼ਿਕਾਇਤ ਟਵਿੱਟਰ ਹੈਂਡਲ @MCLudhiana ‘ਤੇ ਵੀ ਪਾ ਸਕਦੇ ਹਨ – ਆਸ਼ੂ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਨਿਗਮ ਦੇ ਜ਼ੋਨ-ਡੀ ਦਫਤਰ ਵਿਖੇ ਕੈਬਨਿਟ ਮੰਤਰੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ
ਲੁਧਿਆਣਾ, (ਸੰਜੇ ਮਿੰਕਾ) : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਇੱਕ ਹਫਤੇ ਦੇ ਅੰਦਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਨ, ਨਹੀਂ ਤਾਂ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਗਮ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਕੱਢਣ, ਜਿਨ੍ਹਾ ਵੱਲੋਂ ਸੜਕਾਂ ਦੀ ਮੁਰੰਮਤ ਲਈ ਲੋੜੀਂਦੇ ਫੰਡ ਅਤੇ ਸਮਗਰੀ ਹੋਣ ਦੇ ਬਾਵਜੂਦ ਵੀ ਮੁਰੰਮਤ ਨਹੀਂ ਕਰਵਾ ਸਕੇ। ਇਸ ਸਬੰਧੀ ਸਥਾਨਕ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਵਿਖੇ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਡਾ. ਜੈ ਪ੍ਰਕਾਸ਼, ਸ੍ਰੀਮਤੀ ਮਮਤਾ ਆਸ਼ੂ ਅਤੇ ਸ੍ਰੀ ਸੰਨੀ ਭੱਲਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਧੀਕ ਕਮਿਸ਼ਨਰ ਆਦਿੱਤਿਆ ਡਚਲਵਾਲ ਤੋਂ ਇਲਾਵਾ ਕਈ ਸੀਨੀਅਰ ਨਿਗਮ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸੜ੍ਹਕਾਂ ਦੀ ਮੁਰੰਮਤ ਲਈ ਲੋੜੀਂਦੇ ਫੰਡ ਅਤੇ ਸਮੱਗਰੀ ਹੋਣ ਦੇ ਬਾਵਜੂਦ ਸਬੰਧਤ ਅਧਿਕਾਰੀ ਸ਼ਹਿਰ ਦੀਆਂ ਸੜ੍ਹਕਾਂ ਦੀ ਮੁਰੰਮਤ ਕਰਨ ਵਿੱਚ ਅਸਫਲ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਬੰਧਤ ਅਧਿਕਾਰੀ ਇੱਕ ਹਫ਼ਤੇ ਦੇ ਅੰਦਰ ਸੜਕਾਂ ਦੀ ਮੁਰੰਮਤ ਕਰਨ ਵਿੱਚ ਨਾਕਾਮ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਸਖਤ ਕਾਰਵਾਈ ਅਤੇ ਇੱਥੋਂ ਤੱਕ ਕਿ ਚਾਰਜਸ਼ੀਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ”ਮੈਂ ਚਾਹੁੰਦਾ ਹਾਂ ਕਿ ਸਾਰੇ ਸਬੰਧਤ ਅਧਿਕਾਰੀ 24×7 ਸੜਕਾਂ ‘ਤੇ ਹੋਣ ਅਤੇ ਮੁਰੰਮਤ ਦਾ ਕੰਮ ਦਿਨ ਰਾਤ ਚੱਲਦਾ ਰਹੇ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਸਨੀਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ‘ਤੇ ਉਹ ਆਪਦੀ ਸ਼ਿਕਾਇਤ ਨਗਰ ਨਿਗਮ ਲੁਧਿਆਣਾ ਦੇ ਟਵਿੱਟਰ ਹੈਂਡਲ @MCLudhiana ‘ਤੇ ਪਾਉਣ ਅਤੇ ਉਨਾਂ ਸਮੇਂ ਸਿਰ ਹਲ ਕਰਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਵਸਨੀਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਪਹਿਲੇ ਪੜਾਅ ਵਿੱਚ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਇਸ ਤੋਂ ਬਾਅਦ ਹੋਰ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਰੋਜ਼ਾਨਾ ਦੇ ਆਧਾਰ ‘ਤੇ ਚੱਲ ਰਹੇ ਕੰਮ ਦੀ ਨਿਗਰਾਨੀ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਦੀ ਸਥਿਤੀ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਨਿਗਮ ਦੇ ਜ਼ੋਨ-ਡੀ ਦਫਤਰ ਵਿਖੇ ਦੂਜੀ ਵਾਰ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸ਼ਹਿਰ ਆਉਣ ਲਈ ਸ੍ਰੀ ਭਾਰਤ ਭੂਸ਼ਣ ਆਸ਼ੂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਭੁੱਲਰ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਪਰਲੀਨ ਕੌਰ ਕਾਲੇਕਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।