- ਕਿਹਾ! ਅਪਰਾਧ ਨੂੰ ਠੱਲ ਪਾਉਣਾ ਮੁੱਖ ਤਰਜੀਹ
- ਲੋਕਾਂ ਨੂੰ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਮੁਹੱਈਆ ਕਰਵਾਉਣ ਦਾ ਅਹਿਦ ਲਿਆ
ਲੁਧਿਆਣਾ, (ਸੰਜੇ ਮਿੰਕਾ) – ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਿਹਾ ਹੈ ਕਿ ਸ਼ਹਿਰ ਵਿਚ ਅਪਰਾਧ ਨੂੰ ਰੋਕਣਾ ਅਤੇ ਠੱਲ ਪਾਉਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਨੂੰ ਮੁੱਖ ਤਰਜ਼ੀਹ ਦਿੱਤੀ ਜਾਵੇਗੀ। ਅੱਜ ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਆਪਣਾ ਚਾਰਜ ਲੈਣ ਉਪਰੰਤ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਮਾਜ ਦੀ ਸ਼ਾਨਦਾਰ ਸੇਵਾ ਕਰਨ ਦੀ ਪੰਜਾਬ ਪੁਲਿਸ ਦੀ ਇਕ ਸ਼ਾਨਾਮੱਤੀ ਰਵਾਇਤ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿਚ ਰੱਖਣ ਸਬੰਧੀ ਕੀਤੇ ਜਾਣ ਵਾਲੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਪਰਾਧੀਆਂ ‘ਤੇ ਨਕੇਲ ਕੱਸਣ ਲਈ ਸ਼੍ਰੇਣੀ ਵਾਰ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ‘ਤੇ ਸਖਤ ਨਿਗ੍ਹਾ ਰੱਖੀ ਜਾਵੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਨੂੰ ਸ਼ਹਿਰ ਵਿਚ ਹੋਰ ਵੀ ਪ੍ਰਭਾਵੀ ਢੰਗ ਨਾਲ ਚਲਾਇਆ ਜਾਵੇਗਾ ਅਤੇ ਲੁਧਿਆਣਾ ਨੂੰ ਇਸ ਕੋਹੜ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੇ ਟ੍ਰੈਫਿਕ ਨੂੰ ਵੀ ਨਿਯੰਤਰਣ ਵਿਚ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾਵੇਗੀ, ਜਿਸ ਲਈ ਟ੍ਰੈਫਿਕ ਦੇ ਪ੍ਰਬੰਧਾਂ ਦੀ ਚੰਗੀ ਤਰ੍ਹਾਂ ਨਾਲ ਘੋਖ ਕੀਤੀ ਜਾਵੇਗੀ।
ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਪੀ.ਸੀ.ਆਰ. ਨੂੰ ਵੀ ਹੋਰ ਚੁਸਤ-ਦਰੁਸਤ ਕੀਤਾ ਜਾਵੇਗਾ, ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆ ਵਿਚ ਪਬਲਿਕ ਡੀਲਿੰਗ ਨੂੰ ਵੀ ਹੋਰ ਬਿਹਤਰ ਢੰਗ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ, ਜਿਸ ਲਈ ਲੋਕਾਂ ਅਤੇ ਖਾਸ ਤੌਰ ‘ਤੇ ਪ੍ਰੈੱਸ ਤੋਂ ਸੁਝਾਅ ਲਏ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲ਼ਾਈ ਲਈ ਵੀ ਉਚੇਚੇ ਕਦਮ ਚੁੱਕੇ ਜਾਣਗੇ ਅਤੇ ਕਿਹਾ ਕਿ ਸ਼ਹਿਰ ਵਿਚ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਸਿਰਫ ਸ਼ੁਰੂਆਤ ਹੈ ਅਤੇ ਛੇਤੀ ਹੀ ਸ਼ਹਿਰ ਨਾਲ ਸਬੰਧਤ ਸਾਰੇ ਸੰਵੇਦਨਸ਼ੀਲ ਮੁੱਦਿਆਂ ਬਾਰੇ ‘ਚ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਭੁੱਲਰ ਨੇ ਦਫਤਰ ਪੁੱਜਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਪਾਸੋਂ ਗਾਰਡ ਆਫ਼ ਆਨਰ ਵੀ ਲਿਆ। ਇਸ ਉਪਰੰਤ ਉਨ੍ਹਾਂ ਸੀਨੀਅਰ ਅਧਿਕਾਰੀਆ ਅਤੇ ਫੀਲਡ ਵਿਚ ਤਾਇਨਾਤ ਐੱਸ.ਐੱਚ.ਓਜ਼ ਨਾਲ ਬੈਠਕ ਕਰ ਕੇ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਜੇ. ਐਲਨਚੇਜ਼ੀਅਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।