Wednesday, March 12

ਗੁਰਭਜਨ ਗਿੱਲ ਵਿਸ਼ਵਕੋਸ਼ੀ ਗਿਆਨ ਤੇ ਲੋਕ ਧਾਰਾ ਦਾ ਪ੍ਰਮੁੱਖ ਪੰਜਾਬੀ ਕਵੀ ਹੈ। ਡਾ: ਸ ਸ ਜੌਹਲ

ਲੁਧਿਆਣਾ: (ਸੰਜੇ ਮਿੰਕਾ)- ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗੁਰਭਜਨ ਗਿੱਲ ਦੀ ਸਾਹਿਤਕ ਦੇਣ ਸਬੰਧੀ ਪ੍ਰੋਗਰਾਮ ਦਾ ਆਰੰਭ ਕਰਦਿਆਂ ਡਾ. ਸ. ਪ. ਸਿੰਘ , ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਗੁਰਭਜਨ ਗਿੱਲ 1971-74 ਦੌਰਾਨ ਇਸ ਕਾਲਿਜ ਚ ਮੇਰਾ ਵਿਦਿਆਰਥੀ ਰਿਹਾ ਹੈ। ਉਨ੍ਹਾਂ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸਰਦਾਰਾ ਸਿੰਘ ਜੌਹਲ, ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਵਿਦਵਾਨ ਬੁਲਾਰੇ ਡਾ. ਸੁਖਦੇਵ ਸਿੰਘ ਸਿਰਸਾ ਸਾਬਕਾ ਮੁਖੀ, ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਅਤੇ ਡਾ. ਸੁਰਜੀਤ ਸਿੰਘ ਭੱਟੀ ਸਾਬਕਾ ਮੁਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ  ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਡਾ: ਸ ਪ ਸਿੰਘ ਨੇ ਗੁਰਭਜਨ ਗਿੱਲ ਦੀ ਸਾਹਿਤਕ ਦੇਣ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸੇ ਹੀ ਕਾਲਜ ਵਿੱਚ ਪੜ੍ਹਦਿਆਂ ਹੀ ਗੁਰਭਜਨ  ਨੂੰ ਸਾਹਿਤ ਸਿਰਜਣਾ ਦੀ ਚੇਟਕ ਲੱਗੀ। ਉਨ੍ਹਾਂ ਕਿਹਾ ਕਿ ਪਿਛਲੇ ਪੰਜਾਹ ਸਾਲ ਨਿਰੰਤਰ ਸਾਹਿੱਤ ਰਚਨਾ ਕਰਕੇ ਉਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ 17 ਕਾਵਿ ਪੁਸਤਕਾਂ ਤੇ ਇੱਕ ਵਾਰਤਕ ਰਚਨਾ ਪਾਈ ਹੈ।
ਅਮਰੀਕਾ ਵਸਦੇ ਪੰਜਾਬੀ ਤੇ ਅੰਗਰੇਜ਼ੀ ਦੇ ਕਵੀ ਐਸ਼ਕੁਮ ਐਸ਼ ਨੇ ਗੁਰਭਜਨ ਗਿੱਲ ਦੀ ਸਾਹਿਤਕ ਪ੍ਰਤਿਭਾ ਸਬੰਧੀ ਲਿਖੀ ਆਪਣੀ ਕਵਿਤਾ ‘ਸਾਹਿਤਕਾਰਾਂ ਵਿੱਚੋਂ ਸਾਹਿਤਕਾਰ ਸੁਣੀਂਦਾ ਸਾਹਿਤਕਾਰ ਪ੍ਰੋ ਗੁਰਭਜਨ ਗਿੱਲ’ ਰਾਹੀਂ ਉਨ੍ਹਾਂ ਲਈ ਆਪਣਾ ਪਿਆਰ, ਸਤਿਕਾਰ ਪ੍ਰਗਟ ਕੀਤਾ।
ਡਾ ਸੁਰਜੀਤ ਸਿੰਘ ਭੱਟੀ ਨੇ ਗੁਰਭਜਨ ਗਿੱਲ ਦੀ ਸ਼ਾਇਰੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਗੁਰਭਜਨ  ਗਿੱਲ ਦੀ ਕਵਿਤਾ ਲੋਕਾਂ ਦੀ ਕਵਿਤਾ ਹੈ। ਪੰਜਾਬ ਸੰਕਟ ਹੋਵੇ ਜਾਂ ਅਨੇਕਾਂ ਕਿਸਾਨੀ ਸੰਕਟ ਹੋਵੇ ਜਿਸ ਵਿਚ ਨਿਡਰਤਾ ਨਾਲ ਉਨ੍ਹਾਂ ਦੀ ਕਵਿਤਾ ਹਾਅ ਦਾ ਨਾਅਰਾ ਮਾਰਦੀ ਹੈ, ਉਸ ਦਾ ਕੋਈ ਸਾਨੀ ਨਹੀਂ ਉਸ ਦੀ ਕਵਿਤਾ ਅਜੋਕੀ ਖੋਟੀ ਸਿਆਸਤ ਦਾ ਹੀ ਪਰਦਾ ਚਾਕ ਨਹੀਂ ਕਰਦੀ ਬਲਕਿ ਅਜੋਕੇ ਸਮੇਂ ਧਰਮਾਂ ਦੇ ਠੇਕੇਦਾਰਾਂ ਦੇ ਦੰਭ ਨੂੰ ਵੀ ਫਿਟਕਾਰਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ ਗਿੱਲ ਦੀ ਸਾਹਿਤਕ ਪ੍ਰਤਿਭਾ ਆਮ ਲੋਕਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ “ਚਰਖ਼ੜੀ” ਤੇ “ਸੁਰਤਾਲ” ਕਾਵਿ ਸੰਗ੍ਰਹਿ ਦੇ ਆਧਾਰ ‘ਤੇ ਉਨ੍ਹਾਂ ਦੀ ਕਾਵਿ ਪ੍ਰਤਿਭਾ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਕਿਹਾ ਕਿ ਬੌਧਿਕਤਾ ਤੇ ਮੁਕਤ, ਲੋਕਾਂ ਦੀ ਸਰਲ ਸਾਦੀ ਜ਼ੁਬਾਨ ਵਿਚ ਗੁਰਭਜਨ ਗਿੱਲ ਦੀ ਕਵਿਤਾ ਬੜੀ ਹੀ ਸਰਲਤਾ ਤੇ ਸਹਿਜਤਾ ਨਾਲ ਅਵਾਮ ਨੂੰ ਮੁਖ਼ਾਤਿਬ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ਤੇ ਮਾਂ ਬੋਲੀ ਪੰਜਾਬੀ ਦੇ ਪਰਚਾਰ ਪਸਾਰ ਲਈ ਵੀ ਉਸ ਨੇ ਯਾਦਗਾਰੀ ਕੰਮ ਕੀਤਾ ਹੈ। ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਸਾਬਕਾ ਚਾਂਸਲਰ ਤੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਪਦਮ ਭੂਸ਼ਨ ਡਾ ਸਰਦਾਰਾ ਸਿੰਘ ਜੌਹਲ ਨੇ ਇਸ ਮੌਕੇ ਤੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰੋ ਗੁਰਭਜਨ ਗਿੱਲ ਸ਼ਬਦਾਂ ਦਾ ਜਾਦੂਗਰ, ਵਿਸ਼ਵਕੋਸ਼ੀ ਗਿਆਨ ਤੇ ਲੋਕਧਾਰਾ ਪੇਸ਼ਕਾਰ, ਸੰਵੇਦਨਸ਼ੀਲ ਮਨੁੱਖ ਤੇ ਜਾਣਕਾਰੀ ਦਾ ਭਰਪੂਰ ਖ਼ਜ਼ਾਨਾ  ਹੈ। ਉਨ੍ਹਾਂ ਨੇ ਅਜੋਕੇ ਸਾਹਿਤ ਤੇ ਵਿਸ਼ੇਸ਼ ਕਰਕੇ ਕਵਿਤਾ ਤੇ ਭਾਰੂ ਹੋ ਰਹੀ ਅਥਾਹ ਬੌਧਿਕਤਾ ਤੇ ਵੀ ਚਿੰਤਾ ਪ੍ਰਗਟ  ਕੀਤੀ ਕਿਉਂਕਿ ਇਹ ਸਾਹਿਤ ਪਾਠਕਾਂ ਵਿੱਚ ਪਾੜੇ ਨੂੰ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਹਿਤਕਾਰ ਦੂਰ ਅੰਦੇਸ਼ੀ ਹੁੰਦਾ ਹੈ ਜੋ ਸਾਨੂੰ ਭਵਿੱਖ ਦੀਆਂ ਚੁਣੌਤੀਆਂ ਤੋਂ ਸੁਚੇਤ ਕਰਵਾਉਂਦਾ ਹੈ। ਗੁਰਭਜਨ ਗਿੱਲ ਨੇ ਆਪਣੇ ਕਾਵਿ ਸੰਸਾਰ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਣੇ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਜੀ ਦੀ ਪ੍ਰੇਰਨਾ ਸਦਕਾ ਉਹ 1971 ਵਿੱਚ ਪੜ੍ਹਨ ਆਏ ਜਿੱਥੇ ਡਾ: ਸ ਪ ਸਿੰਘ ਜੀ ਨੇ ਉਸ ਨੂੰ ਪੜ੍ਹਨ ਲਿਖਣ ਦੀ ਵਿਧੀ ਸਿਖਾਈ।
ਇਸ ਸੰਸਥਾ ਵਿੱਚ ਪੰਜਾਬੀ ਸਾਹਿਤਕਾਰਾਂ ਦੀਆਂ ਮਿਲਣੀਆਂ ਤੇ ਸਾਹਿਤਕਾਰ ਦੋਸਤਾਂ ਦੀ ਸੰਗਤ ਤੇ ਆਪਣੇ ਅਧਿਆਪਕ ਡਾ. ਸ. ਪ. ਸਿੰਘ ਦੀ ਪ੍ਰੇਰਨਾ ਨਾਲ ਉਹ ਸਾਹਿਤ ਦੁਨੀਆਂ ਵਿੱਚ ਦਾਖਲ ਹੋਏ। ਉਨ੍ਹਾਂ ਨੇ ਆਪਣੇ ਬਚਪਨ, ਮਾਤਾ-ਪਿਤਾ, ਪਿੰਡ ਦੀਆਂ ਕਈ ਯਾਦਾਂ, ਆਪਣੇ ਅਧਿਆਪਕਾਂ ਤੇ ਪੰਜਾਬੀ ਲੇਖਕਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੰਜਾਬੀ ਲੋਕਧਾਰਾ, ਗੁਰਬਾਣੀ, ਸਾਹਿਤ ਤੇ ਆਪਣੀਆਂ ਨਜ਼ਮਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਭੱਲਾ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਪ੍ਰੋ ਸ਼ਰਨਜੀਤ ਕੌਰ ਵੱਲੋਂ ਕੀਤਾ। ਗਿਆ ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਤੇਜਿੰਦਰ ਕੌਰ ਤੇ ਕਾਲਿਜ ਦੇ  ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

About Author

Leave A Reply

WP2Social Auto Publish Powered By : XYZScripts.com