- ਜੇ ਮਰੀਜ਼ ਨੂੰ ਤਿੰਨ ਘੰਟਿਆਂ ਦੇ ਅੰਦਰ ਇਲਾਜ ਮਿਲਦਾ ਹੈ ਤਾਂ 95 ਫੀਸਦ ਜਾਨਾਂ ਦਿਲ ਦੇ ਦੌਰੇ ਤੋਂ ਬਚਾਈਆਂ ਜਾ ਸਕਦੀਆਂ ਹਨ – ਸਿਵਲ ਸਰਜਨ ਲੁਧਿਆਣਾ
ਲੁਧਿਆਣਾ,(ਸੰਜੇ ਮਿੰਕਾ) – ਆਈ.ਸੀ.ਐਮ.ਆਰ. ਪ੍ਰੋਜੈਕਟ ਤਹਿਤ ਅੱਜ 61 ਸਾਲਾ ਮਹਿਲਾ ਸਬ-ਡਵੀਜ਼ਨ ਹਸਪਤਾਲ ਸਮਰਾਲਾ ਵਿਖੇ ਛਾਤੀ ਵਿੱਚ ਦਰਦ ਦੇ ਸ਼ਿਕਾਇਤ ਲੈ ਕੇ ਆਈ, ਜਿੱਥੇ ਮਾਹਿਰ ਡਾਕਟਰ ਦੀ ਸਲਾਹ ‘ਤੇ ਉਸਨੂੰ ਟੈਨੈਕਟੈਪਲੇਜ ਇੰਜੈਕਸ਼ਨ ਦਿੱਤਾ ਗਿਆ ਜਿਸਦੇ ਸਦਕਾ ਉਸਦੀ ਹਾਲਤ ਸਥਿਰ ਹੋ ਗਈ ਤੇ ਉਸਦੀ ਜਾਨ ਬਚ ਗਈ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਡਾਕਟਰ ਵੱਲੋਂ ਈ.ਸੀ.ਜੀ. ਕਰਨ ‘ਤੇ ਪਤਾ ਲੱਗਾ ਕਿ ਮਰੀਜ਼ ਨੂੰ ਹਾਰਟ ਸਬੰਧੀ ਪ੍ਰੇਸ਼ਾਨੀ ਹੈ ਅਤੇ ਮਰੀਜ਼ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਸ਼ਿਕਾਇਤ ਸੀ। ਉਨ੍ਹਾਂ ਦੱਸਿਆ ਕਿ ਡੀ.ਐਮ.ਸੀ. ਦੇ ਮਾਹਿਰ ਡਾਕਟਰ ਨਾਲ ਤੁਰੰਤ ਰਾਬਤਾ ਕੀਤਾ ਗਿਆ ਅਤੇ ਉਨ੍ਹਾਂ ਦੇ ਮਸ਼ਵਰੇ ‘ਤੇ ਮਰੀਜ਼ ਨੂੰ ਟੈਨੈਕਟੈਪਲੇਜ਼ ਇੰਜੈਕਸ਼ਨ ਦੇ ਦਿੱਤਾ ਗਿਆ। ਮਰੀਜ਼ ਦੀ ਹਾਲਤ ਸਥਿਰ ਹੋਣ ‘ਤੇ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਦਿਲ ਦੇ ਦੌਰੇ ਤੋਂ ਕੀਮਤੀ ਜਾਨਾਂ ਬਚਾਉਣ ਦੇ ਮੰਤਵ ਨਾਲ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੁਆਰਾ ਸਪੋੰਸਰ ਪ੍ਰੋਜੈਕਟ ਸੁਰੂ ਕੀਤਾ ਗਿਆ ਹੈ, ਜਿਸਦੇ ਤਹਿਤ ਲੱਛਣਾਂ ਦੀ ਸ਼ੁਰੂਆਤ ਦੇ ਸਮੇਂ (ਪਹਿਲੇ 90 ਮਿੰਟ) ਅੰਦਰ ਇਲਾਜ ਸ਼ੁਰੂ ਕਰਕੇ ਦਿਲ ਦੇ ਦੌਰੇ ਤੋਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। . ਆਹਲੂਵਾਲੀਆ ਨੇ ਦੱਸਿਆ ਕਿ ਆਮ ਨਾਗਰਿਕ ਦਿਲ ਵਿੱਚ ਖੂਨ ਦੇ ਕਲੋਟਜ਼ ਨੂੰ ਖ਼ਤਮ ਕਰਨ ਲਈ ਟੈਨੈਕਟੈਪਲੇਜ਼ ਵਰਗੀ ਮਹਿੰਗੀ ਦਵਾਈ (ਲਗਭਗ 25 ਤੋਂ 30 ਹਜ਼ਾਰ ਰੁਪਏ) ਖਰੀਦਣ ਤੋਂ ਅਸਮਰੱਥ ਹੁੰਦੇ ਹਨ. ਉਨ੍ਹਾਂ ਕਿਹਾ ਕਿ 70 ਫੀਸਦੀ ਮਾਮਲਿਆਂ ਵਿੱਚ, ਇਹ ਦਵਾਈ ਦੇਰੀ ਨਾਲ ਪਹੁੰਚਣ ਕਾਰਨ ਦਿੱਤੀ ਨਹੀਂ ਜਾਂਦੀ। ਉਨ੍ਹਾਂ ਦੱਸਿਆ ਕਿ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਜ਼ਮੀਨੀ ਪੱਧਰ ਦੇ ਸਿਹਤ ਕਰਮਚਾਰੀਆਂ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਲੱਛਣਾਂ ਬਾਰੇ ਜਾਗਰੂਕ ਨਹੀਂ ਹਨ ਜੋਕਿ ਅਕਸਰ ਮਰੀਜ਼ ਲਈ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਕ੍ਰਿਸ਼ਨਾ ਹਸਪਤਾਲ, ਪਾਹਵਾ ਹਸਪਤਾਲ, ਆਰ.ਸੀ.ਐਚ. ਪੋਹੀੜ, ਸਰਾਭਾ ਹਸਪਤਾਲ, ਐਸ.ਡੀ.ਐਚ. ਜਗਰਾਉਂ, ਐਸ.ਡੀ.ਐਚ. ਪਾਇਲ, ਐਸ.ਡੀ.ਐਚ. ਸਮਰਾਲਾ, ਲਾਈਫ ਕੇਅਰ ਹਸਪਤਾਲ ਅਤੇ ਐਸ.ਡੀ.ਐਚ. ਮਛੀਵਾੜਾ ਸਮੇਤ 11 ਕੇਂਦਰ ਲੁਧਿਆਣਾ ਵਿੱਚ ਸਥਾਪਤ ਕੀਤੇ ਗਏ ਹਨ ਤਾਂ ਜੋ ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਪਿਛਲੇ ਇੱਕ ਸਾਲ ਤੋਂ ਡੀ.ਐਮ.ਸੀ.ਐਚ. ਵਿਖੇ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਮਰੀਜ਼ ਨੂੰ ਤਿੰਨ ਘੰਟਿਆਂ ਦੇ ਅੰਦਰ ਇਲਾਜ ਮਿਲਦਾ ਹੈ ਤਾਂ 95 ਪ੍ਰਤੀਸ਼ਤ ਜਾਨਾਂ ਦਿਲ ਦੇ ਦੌਰੇ ਤੋਂ ਬਚਾਈਆਂ ਜਾ ਸਕਦੀਆਂ ਹਨ ਅਤੇ ਜੇ ਦਵਾਈ ਛੇ ਘੰਟਿਆਂ ਦੇ ਅੰਦਰ ਦਿੱਤੀ ਜਾਂਦੀ ਹੈ ਤਾਂ 80 ਪ੍ਰਤੀਸ਼ਤ ਜਾਨਾਂ ਬਚਾਈਆਂ ਜਾ ਸਕਦੀਆਂ ਹਨ।