Friday, May 9

ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਲੁਧਿਆਣਾ ਵਿੱਚ ਪ੍ਰਾਈਵੇਟ ਹੈਲੀਕਾਪਟਰ ਸੇਵਾਵਾਂ ਦਾ ਉਦਘਾਟਨ

  • ਕਿਹਾ, ਖੇਤਰ ਦੇ ਸਰਵਪੱਖੀ ਵਿਕਾਸ ਨੂੰ ਮਿਲੇਗਾ ਹੁਲਾਰਾ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸ਼ੁੱਕਰਵਾਰ ਨੂੰ ਆਤਮ ਵਲੱਭ ਜਨਪਥ ਲੁਧਿਆਣਾ ਵਿਖੇ ਪ੍ਰਾਈਵੇਟ ਹੈਲੀਕਾਪਟਰ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ। ਕੈਬਨਿਟ ਮੰਤਰੀ, ਜਿਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਮੌਜੂਦ ਸਨ, ਨੇ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਲੁਧਿਆਣਾ ਲਈ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਇਹ ਵੱਕਾਰੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਸਦਕਾ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਲੁਧਿਆਣਾ ਅਤੇ ਨੇੜਲੇ ਖੇਤਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਰਾਹ ਖੋਲ੍ਹਣਗੀਆਂ। ਉਨ੍ਹਾਂ ਮਹੇਸ਼ ਗੋਇਲ, ਐਮ.ਡੀ. ਜਨਪਥ ਇਸਟੇਟ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਪਹਿਲਾ ਪ੍ਰਾਈਵੇਟ ਹੈਲੀਪੈਡ ਬਣਾਉਣ ਦੇ ਉਪਰਾਲੇ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਹੈਲੀਪੈਡ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ‘ਤੇ ਸੁਚਾਰੂ ਆਵਾਜਾਈ ਦੀ ਸੇਵਾ ਮੁਹੱਈਆ ਕਰਵਾਏਗਾ। ਉਨ੍ਹਾਂ ਵੱਖ-ਵੱਖ ਏਜੰਸੀਆਂ ਪਾਸੋਂ ਰੈਲੂਲੇਟਰੀ ਪ੍ਰਵਾਨਗੀ ਪ੍ਰਾਪਤ ਕਰਨ, ਜਨਪਥ ਹੈਲੀਪੈਡ ਦੇ ਸੰਚਾਲਨ ਅਤੇ ਲੁਧਿਆਣਾ ਨੂੰ ਏਰੀਅਲ ਮੇਪ ‘ਤੇ ਲਿਆਉਣ ਵਿੱਚ ਅਹਿਮ ਭੁਮਿਕਾ ਨਿਭਾਉਣ ਲਈ ਵਕੀਲ ਹਰਪ੍ਰੀਤ ਸੰਧੂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਵੀ ਕੀਤੀ।  
ਉਨ੍ਹਾਂ ਅੱਗੇ ਕਿਹਾ ਕਿ ਪ੍ਰਾਈਵੇਟ ਹੈਲੀਕਾਪਟਰ ਸੇਵਾਵਾਂ ਸਦਕਾ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਆਪਣੇ ਕਾਰੋਬਾਰੀ ਗਾਹਕਾਂ ਨਾਲ ਤੇਜ਼ੀ ਸੰਪਰਕ ਯਕੀਨੀ ਬਣੇਗਾ, ਜੋ ਕਿ ਉਦਯੋਗਿਕ ਖੇਤਰ ਦੇ ਹੋਰ ਵਿਕਾਸ ਲਈ ਸਹਾਇਕ ਸਾਬਤ ਹੋਵੇਗਾ। ਰਾਣਾ ਸੋਢੀ ਨੇ ਅੱਗੇ ਕਿਹਾ ਕਿ ਇਸ ਵੇਲੇ ਇਹ ਸੇਵਾ ਚੰਡੀਗੜ੍ਹ, ਦਿੱਲੀ, ਧਰਮਸ਼ਾਲਾ, ਦੇਹਰਾਦੂਨ, ਜੰਮੂ -ਕਸ਼ਮੀਰ, ਕਸੌਲੀ, ਮਨਾਲੀ, ਸ਼ਿਮਲਾ ਅਤੇ ਜੈਪੁਰ ਲਈ ਉਪਲਬਧ ਹੋਵੇਗੀ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਸਦਕਾ ਲੋਕਾਂ ਖਾਸ ਕਰਕੇ ਕਾਰੋਬਾਰੀਆਂ ਨੂੰ ਬਹੁਤ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਦਾ ਉਦਯੋਗਿਕ ਕੇਂਦਰ ਹੋਣ ਦੇ ਨਾਤੇ ਦੇਸ਼ ਦੇ ਪ੍ਰਮੁੱਖ ਹਿੱਸਿਆਂ ਨਾਲ 24 ਘੰਟੇ ਹਵਾਈ ਸੰਪਰਕ ਨੂੰ ਯਕੀਨੀ ਬਣਾਉਂਦਿਆਂ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨਾ ਸਮੇਂ ਦੀ ਲੋੜ ਸੀ। ਇਸ ਮੌਕੇ ਕਰਨਲ ਆਰ.ਪੀ.ਐਸ. ਮਾਹਲ, ਸੀਨੀਅਰ ਸਲਾਹਕਾਰ ਸ਼ਹਿਰੀ ਏਵੀਏਸ਼ਨ, ਪੰਜਾਬ, ਪਰਦੀਪ ਢੱਲ ਅਤੇ ਹੋਰ ਮੌਜੂਦ ਸਨ ।

About Author

Leave A Reply

WP2Social Auto Publish Powered By : XYZScripts.com