Wednesday, March 12

ਡੀ.ਸੀ. ਵੱਲੋਂ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਵਿਖੇ ਤੀਜੇ ਰੋਜ਼ਗਾਰ ਮੇਲੇ ਦਾ ਉਦਘਾਟਨ

  • ਇਹ ਰੋਜ਼ਗਾਰ ਮੇਲੇ ਪੰਜਾਬ ਸਰਕਾਰ ਵੱਲੋਂ ਬੇਰਰੋਜ਼ਗਾਰਾਂ ਨੂੰ ਨੌਕਰੀ ਲਈ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਸਫਲ ਸਾਬਤ ਹੋ ਰਹੇ ਹਨ – ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਵਿਖੇ ਤੀਜੇ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ, ਜਿਸਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਡੀ.ਬੀ.ਈ.ਈ. ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਦੇ ਨਾਲ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਤੇ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਗਾਰ ਲਈ ਅਪਲਾਈ ਕੀਤੇ ਉਮੀਦਵਾਰਾਂ ਤੇ ਨੌਕਰੀ ਦੇਣ ਵਾਲੀਆਂ ਕੰਪਨੀਆਂ, ਦੋਵਾਂ ਲਈ ਇਹ ਰੋਜ਼ਗਾਰ ਮੇਲੇ ਲਾਹੇਵੰਦ ਸਿੱਧ ਹੋ ਰਹੇ ਹਨ। ੳਨ੍ਹਾਂ ਕਿਹਾ ਕਿ ਘਰ-ਘਰ ਰੋਜ਼ਗਾਰ ਯੋਜਨਾ ਦੀ ਇਸ ਵਿਲੱਖਣ ਪਹਿਲਕਦਮੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੌਕਰੀ ਦੀ ਤਲਾਸ਼ ਕਰ ਰਹੇ ਬੇਰੋਜ਼ਗਾਰਾਂ ਤੇ ਰੋਜ਼ਗਾਰ ਦੇਣ ਵਾਲਿਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰ ਰਹੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਦੀ ਭਾਲ ਕਰਨ ਵਾਲੇ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰ ਸਕਦੇ ਹਨ ਅਤੇ ਨੌਕਰੀ ਦੇਣ ਵਾਲੇ ਉਮੀਦਵਾਰਾਂ ਨੂੰ ਆਪਣੀਆਂ ਜ਼ਰੂਰਤਾਂ ਅਤੇ ਸਮਰੱਥਾਵਾਂ ਅਨੁਸਾਰ ਚੁਣ ਸਕਦੇ ਹਨ। ਅੱਜ ਦੇ ਦਿਨ ਨੂੰ ਉਨ੍ਹਾਂ ਨੌਜਵਾਨਾਂ ਲਈ ਇਤਿਹਾਸਕ ਦੱਸਿਆ ਕਿਉਂਕਿ ਉਹ ਨੌਕਰੀ ਜੁਆਇਨ ਕਰਕੇ ਆਪਣੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸ਼ਾਨਦਾਰ ਸਫਲਤਾ ਦੀ ਕਹਾਣੀ ਦੀ ਸਿਰਫ ਸ਼ੁਰੂਆਤ ਹੈ ਜਿਸ ਰਾਹੀਂ ਉਹ ਆਪਣਾ ਭਵਿੱਖ ਉੱਜਵਲ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰੋਜ਼ਗਾਰ ਮੇਲੇ ਘਰ-ਘਰ ਰੋਜ਼ਗਾਰ ਯੋਜਨਾ ਅਧੀਨ ਬੇਰੁਜ਼ਗਾਰ ਨੌਜਵਾਨਾਂ ਦੀ ਨੌਕਰੀ ਯਕੀਨੀ ਬਣਾ ਕੇ ਪੰਜਾਬ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਬਹੁਤ ਸਫਲ ਸਾਬਤ ਹੋ ਰਹੇ ਹਨ। ਵਿਦਿਆਰਥੀਆਂ ਨੂੰ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੌਥਾ ਮੈਗਾ ਰੋਜ਼ਗਾਰ ਮੇਲਾ 17 ਸਤੰਬਰ ਨੂੰ ਸੀ.ਆਈ.ਸੀ.ਯੂ. ਫੋਕਲ ਪੁਆਇੰਟ ਵਿਖੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਰੋਜ਼ਗਾਰ ਲਈ ਆਪਣੇ ਆਪ ਨੂੰ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਨੇੜੇ ਪ੍ਰਤਾਪ ਚੌਕ ਵਿਖੇ ਰਜਿਸਟਰ ਕਰਕੇ ਜਾਂ ਵੈਬਸਾਈਟ www.pgrkam.com  ‘ਤੇ ਲੌਗਇਨ ਕਰਕੇ ਅਪਲਾਈ ਕਰ ਸਕਦੇ ਹਨ।

About Author

Leave A Reply

WP2Social Auto Publish Powered By : XYZScripts.com