Friday, May 9

ਨਵ-ਜੰਮੇ ਬੱਚਿਆਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ‘ਚ ਪੰਜਾਬ ਦਾ ਪਹਿਲਾ ਬ੍ਰੈਸਟ ਮਿਲਕ ਪੰਪ ਬੈਂਕ ਸਥਾਪਤ

  • ਨਿਗਮ ਕੌਂਸਲਰ ਮਮਤਾ ਆਸ਼ੂ ਤੇ ਏ.ਡੀ.ਸੀ. ਅਮਿਤ ਕੁਮਾਰ ਪੰਚਾਲ ਵੱਲੋਂ ਸਿਵਲ ਹਸਪਤਾਲ ਵਿਖੇ ਸਮਰਪਿਤ ਕੀਤੀ ਗਈ ਇਹ ਸਹੂਲਤ

ਲੁਧਿਆਣਾ, (ਸੰਜੇ ਮਿੰਕਾ)  – ਜਨਮ ਦੇ ਪਹਿਲੇ ਘੰਟੇ ਵਿੱਚ ਨਵ-ਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿੱਚ ਜੱਚਾ-ਬੱਚਾ ਕੇਂਦਰ ਵਿਖੇ ਬ੍ਰੈਸਟ ਮਿਲਕ ਪੰਪ ਬੈਂਕ ਸਥਾਪਤ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਮਾਂ ਦੇ ਦੁੱਧ ਤੋਂ ਪ੍ਰਾਪਤ ਹੋਣ ਵਾਲੇ ਜ਼ਰੂਰੀ ਪੌਸ਼ਟਿਕ ਤੱਤ ਤੇ ਐਂਟੀਬਾਡੀਜ਼ ਪ੍ਰਾਪਤ ਹੋ ਸਕਣ ਜੋ ਉਨ੍ਹਾਂ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਣ ਹਨ। ਇਹ ਪੰਜਾਬ ਦਾ ਇਸ ਤਰ੍ਹਾਂ ਦਾ ਪਹਿਲਾ ਬੈਂਕ ਹੈ, ਜਿੱਥੇ ਸਿਹਤ ਕਰਮਚਾਰੀ ਪੰਪ ਰਾਹੀਂ ਮਾਂ ਦਾ ਦੁੱਧ ਪ੍ਰਾਪਤ ਕਰ ਸਕਣਗੇ ਅਤੇ ਨਵ-ਜੰਮੇ ਬੱਚਿਆਂ ਨੂੰ ਦੇਣਗੇ ਕਿਉਂਕਿ ਜ਼ਿਆਦਾਤਰ ਨਵ-ਜੰਮੇ ਬੱਚੇ ਮਾਂ ਦਾ ਦੁੱਧ ਚੁੰਘਣ ਤੋਂ ਅਸਮਰੱਥ ਹੁੰਦੇ ਹਨ ਜਾਂ ਮਾਂਵਾਂ ਨੂੰ ਸੋਜ ਕਰਕੇ ਦੁੱਧ ਚੁੰਘਾਉਣ ਸਮੇਂ ਸਖਤ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਹੋਰ ਅਜਿਹੇ ਕਾਰਨਾਂ ਕਰਕੇ ਜਨਮ ਦੇ ਪਹਿਲੇ ਘੰਟੇ ਦੇ ਅੰਦਰ ਮਾਂ ਦਾ ਮਹੱਤਵਪੂਰਣ ਦੁੱਧ ਬੱਚੇ ਨੂੰ ਨਹੀਂ ਮਿਲਦਾ। ਪੰਪ ਬੈਂਕ ਦਾ ਉਦਘਾਟਨ ਕਰਦਿਆਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਿਹਤ ਕਰਮਚਾਰੀ ਬੱਚਿਆਂ ਦੇ ਜਨਮ ਤੋਂ ਤੁਰੰਤ ਬਾਅਦ ਪੰਪਾਂ ਦੀ ਵਰਤੋਂ ਰਾਹੀਂ ਮਾਂ ਦਾ ਦੁੱਧ ਪ੍ਰਾਪਤ ਕਰ ਸਕਣਗੇ ਅਤੇ ਨਿਯਮਤ ਅੰਤਰਾਲ ‘ਤੇ ਬੱਚੇ ਨੂੰ ਦੁੱਧ ਪਿਲਾਉਣਗੇ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਨੂੰ ਸੁਰੱਖਿਅਤ ਰੱਖਣ ਲਈ ਇੱਕ ਕੰਟੇਨਰ ਵੀ ਲਗਾਇਆ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਬੈਂਕ ਲਈ ਦੋ ਇਲੈਕਟ੍ਰਿਕ ਪੰਪ ਅਤੇ 10 ਮੈਨੂਅਲ ਪੰਪ, 16 ਕੰਟੇਨਰ ਅਤੇ ਇੱਕ ਸਟੀਰਲਾਈਜ਼ਰ ਵੀ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਘੰਟੇ ਅੰਦਰ ਅਤੇ ਛੇ ਮਹੀਨਿਆਂ ਤੱਕ ਦੁੱਧ ਚੁੰਘਾਉਣਾ ਬੱਚੇ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਮਹੱਤਵਪੂਰਣ ਤਰੀਕਾ ਹੈ ਕਿਉਂਕਿ ਇਹ ਬੱਚਿਆਂ ਲਈ ਆਦਰਸ਼ ਭੋਜਨ ਹੈ। ਉਨ੍ਹਾਂ ਕਿਹਾ ਕਿ ਜਿਥੇ ਇਹ ਸੁਰੱਖਿਅਤ ਤੇ ਸ਼ੁੱਧ ਹੈ ਉਥੇ ਇਸ ਵਿੱਚ ਐਂਟੀਬਾਡੀਜ਼ ਹਨ, ਜੋ ਬਚਪਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਉਹ ਸਾਰੀ ਊਰਜਾ ਅਤੇ ਪੌਸ਼ਟਿਕ ਤੱਤ ਮੁਹੱਈਆ ਕਰਦਾ ਹੈ ਜਿਸਦੀ ਬੱਚੇ ਨੂੰ ਲੋੜ ਹੁੰਦੀ ਹੈ। ਡਬਲਯੂ.ਐਚ.ਓ ਅਤੇ ਮਾਹਰਾਂ ਦੇ ਅਨੁਸਾਰ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਬੁੱਧੀਮਾਨ ਤੇ ਸਿਹਤਮੰਦ ਹੁੰਦੇ ਹਨ ਅਤੇ ਵੱਡੇ ਹੋਣ ‘ਤੇ ਉਨ੍ਹਾਂ ਵਿੱਚ ਜ਼ਿਆਦਾ ਭਾਰੇ ਜਾਂ ਮੋਟੇ ਹੋਣ ਅਤੇ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ।

About Author

Leave A Reply

WP2Social Auto Publish Powered By : XYZScripts.com