- ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਵਾਇਰਸ ਅਜੇ ਵੀ ਮੌਜੂਦ : ਵਰਿੰਦਰ ਕੁਮਾਰ ਸ਼ਰਮਾ
ਲੁਧਿਆਣਾ, (ਸੰਜੇ ਮਿੰਕਾ) ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੂੰ ਕੋਵਿਡ ਟੀਕਾਕਰਨ ਮੁਹਿੰਮ ਵਿੱਚ 20.75 ਲੱਖ ਦਾ ਅੰਕੜਾ ਪਾਰ ਕਰ ਲੈਣ ‘ਤੇ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨਾ ਲੁਧਿਆਣਾ ਦੇ ਹਰੇਕ ਨਾਗਰਿਕ ਦੀ ਸਫ਼ਲਤਾ ਹੈ। ਡੀ.ਪੀ.ਆਰ.ਓ. ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿੱਚ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਟੀਕਾਕਰਨ ਕਰਨਾ ਅਤੇ 16 ਜਨਵਰੀ 2021 ਨੂੰ ਅਰੰਭੀ ਹੋਈ ਇਸ ਮੁਹਿੰਮ ਤਹਿਤ 20.75 ਲੱਖ ਲੋਕਾਂ ਨੂੰ ਕਵਰ ਕਰਨ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਨਾ ਅਸੰਭਵ ਸੀ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਟੀਕਾਕਰਨ ਸਦਕਾ ਤੀਜੀ ਲਹਿਰ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਵੈਕਸੀਨ ਆਮ ਹਾਲਾਤ ਵੱਲ ਪਰਤਣ ਦਾ ਇਕੋ ਇਕ ਤਰੀਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਭਾਵਿਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰ ਯੋਗ ਵਿਅਕਤੀ ਦੇ ਟੀਕਾਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਟੀਕਾਕਰਨ ਕਰਵਾਉਣ ਵਾਲਿਆਂ ਅਤੇ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਵਾਲਿਆਂ ਖਾਸ ਕਰਕੇ ਸਿਹਤ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਦਯੋਗਾਂ, ਗੈਰ ਸਰਕਾਰੀ ਸੰਗਠਨਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀਆਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਟੀਕਾਕਰਨ ਕੈਂਪ ਲਗਾਏ ਗਏ। ਉਨ੍ਹਾਂ ਇਹ ਵੀ ਕਿਹਾ ਕਿ ਘੱਟ ਕੇਸ ਸਾਹਮਣੇ ਆਉਣ ਦੇ ਬਾਵਜੂਦ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਵਾਇਰਸ ਅਜੇ ਵੀ ਸਾਡੇ ਵਿੱਚ ਮੌਜੂਦ ਹੈ ਅਤੇ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਹੱਥਾਂ ਦੀ ਸਫਾਈ ਸਮੇਤ ਕੋਵਿਡ -19 ਸਬੰਧੀ ਉਚਿਤ ਵਿਵਹਾਰ ਦੀ ਪਾਲਣਾ ਕਰਦੇ ਰਹਿਣ ਲਈ ਵੀ ਕਿਹਾ।