- ਨੌਜਵਾਨਾਂ ਲਈ ਅੱਜ ਤਿੰਨ ਸਪੈਸ਼ਲ ਕੈਂਪ ਆਯੋਜਿਤ
ਲੁਧਿਆਣਾ,(ਸੰਜੇ ਮਿੰਕਾ)- ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਲਈ ਵਚਨਬੱਧ ਹੈ ਜਿਸ ਲਈ ਸੂਬੇ ਭਰ ਵਿੱਚ ਮੁਫਤ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਹ ਗੱਲ ਅੱਜ ਉਨ੍ਹਾਂ ਸਾਹਨੇਵਾਲ ਹਲਕੇ ਵਿੱਚ ਤਿੰਨ ਟੀਕਾਕਰਨ ਕੈਂਪਾਂ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਅੱਜ ਦੇ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮੁੰਡੀਆਂ ਕਲਾਂ ਵਿੱਚ, ਪਿੰਡ ਮੁੰਡੀਆਂ ਕਲਾਂ ਅਤੇ ਵਾਰਡ ਨੰਬਰ-27 ਵਿਖੇ ਲਗਾਏ ਗਏ। ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਨਾਲ ਜੁੜੇ ਯੂਥ ਕਲੱਬ ਕੋਵਿਡ-19 ਨੂੰ ਇੱਕ ਲੋਕ ਲਹਿਰ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਨੌਜਵਾਨਾਂ ਦੇ ਟੀਕਾਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਨਿੱਜੀ ਤੌਰ ‘ਤੇ ਰਾਜ ਦੇ ਸਾਰੇ ਪੀ.ਵਾਈ.ਡੀ.ਬੀ. ਮੈਂਬਰਾਂ ਅਤੇ ਯੂਥ ਕਲੱਬਾਂ ਨੂੰ ਆਪਣੇ ਖੇਤਰਾਂ ਵਿੱਚ ਅਜਿਹੇ ਕੈਂਪ ਆਯੋਜਿਤ ਕਰਨ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਸਮਾਜ ਵਿੱਚੋਂ ਕੋਵਿਡ-19 ਮਹਾਂਮਾਰੀ ਦਾ ਸਫਾਇਆ ਕਰ ਸਕੀਏ। ਸ੍ਰੀ ਬਿੰਦਰਾ ਨੇ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਲੋਕਾਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦੇਣ ਲਈ ਠੋਸ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਯੋਗ ਵਿਅਕਤੀਆਂ ਦੀ ਜਲਦ ਤੋਂ ਜਲਦ ਕਵਰੇਜ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਅਭਿਆਨ ਬਹੁ-ਗਿਣਤੀ ਲੋਕਾਂ ਨੂੰ ਕਵਚ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਜਿਸਦੇ ਸਿੱਟੇ ਵਜੋਂ ਮਹਾਂਮਾਰੀ ਦੀ ਪਸਾਰ ਲੜੀ ਨੂੰ ਤੋੜਿਆ ਜਾ ਸਕਦਾ ਹੈ। ਇਸ ਮੌਕੇ ਪ੍ਰਮੁੱਖ ਤੌਰ ‘ਤੇ ਕੌਂਸਲਰ ਹੈਪੀ, ਮੈਡਮ ਸੁਨੀਤਾ, ਜਸਵੀਰ ਕੌਰ, ਮਨਦੀਪ ਸਿੰਘ ਸਾਹਨੇਵਾਲ, ਰਜਿੰਦਰ ਸਿੰਘ, ਨਮਰਤਾ, ਸੋਨੂੰ, ਸੁਮਨਪ੍ਰੀਤ ਸਿੰਘ ਅਤੇ ਹੋਰ ਸ਼ਾਮਲ ਸਨ।