Wednesday, March 12

ਸੰਸਦ ਮੈਂਬਰ, ਵਿਧਾਇਕਾਂ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੇ ਡੀ.ਸੀ. ਵੱਲੋਂ 5ਵੇਂ ਪੜਾਅ ਤਹਿਤ ਕਰਜ਼ਾ ਰਾਹਤ ਸਕੀਮ ਸੁ਼ਰੂ

  • ਵੱਖ-ਵੱਖ ਸਮਾਗਮਾਂ ‘ਚ 21455 ਲਾਭਪਾਤਰੀਆਂ ਦੇ 23.54 ਕਰੋੜ ਰੁਪਏ ਦੇ ਕਰਜ਼ੇ ਕੀਤੇ ਮੁਆਫ
  • ਕਰਜ਼ਾ ਰਾਹਤ ਸਕੀਮ ਸੂਬੇ ਦੇ ਕਿਸਾਨਾਂ ਲਈ ਸੁਨਹਿਰੀ ਯੁਗ ਲੈ ਕੇ ਆਵੇਗੀ – ਐਮ.ਪੀ. ਡਾ. ਅਮਰ ਸਿੰਘ, ਵਿਧਾਇਕ ਪਾਂਡੇ, ਢਿੱਲੋਂ, ਵੈਦ ਤੇ ਕੈਪਟਨ ਸੰਧੂ

ਲੁਧਿਆਣਾ, (ਸੰਜੇ ਮਿੰਕਾ)  – ਫਤਹਿਗੜ੍ਹ ਸਾਹਿਬ ਤੋ ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਸ.ਅਮਰੀਕ ਸਿੰਘ ਢਿੱਲੋਂ, ਸ. ਕੁਲਦੀਪ ਵੈਦ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਸੰਦੀਪ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ 5ਵੇਂ ਪੜਾਅ ਤਹਿਤ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਖੇਤੀ ਮੈਂਬਰਾਂ ਲਈ ਕਿਸਾਨ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਕੀਤੀ। ਲੁਧਿਆਣਾ ਜ਼ਿਲ੍ਹੇ ਦੇ ਹਲਕਾ ਰਾਏਕੋਟ, ਦਾਖਾ, ਗਿੱਲ, ਜਗਰਾਉਂ, ਖੰਨਾ, ਲੁਧਿਆਣਾ ਪੱਛਮੀ, ਪਾਇਲ, ਸਾਹਨੇਵਾਲ ਅਤੇ ਸਮਰਾਲਾ ਵਿੱਚ ਹੋਏ 9 ਵੱਖ-ਵੱਖ ਸਮਾਗਮਾਂ ਵਿੱਚ 21455 ਲਾਭਪਾਤਰੀਆਂ ਦੇ 23.54 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ। ਵੇਰਵਿਆਂ ਅਨੁਸਾਰ, ਦਾਖਾ ਦੇ 4429 ਲਾਭਪਾਤਰੀਆਂ ਨੂੰ 4.74 ਕਰੋੜ ਰੁਪਏ, ਗਿੱਲ ਵਿੱਚ 2964 ਲਾਭਪਾਤਰੀਆਂ ਨੂੰ 3.37 ਕਰੋੜ ਰੁਪਏ ਦੀ ਰਾਹਤ, ਜਗਰਾਉਂ ਦੇ 2901 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 3.09 ਕਰੋੜ ਰੁਪਏ ਦਾ ਕਰਜ਼ਾ ਅਤੇ ਖੰਨਾ ਦੇ 638 ਲਾਭਪਾਤਰੀਆਂ ਦੇ 67.22 ਲੱਖ ਰੁਪਏ ਦੀ ਰਾਹਤ ਮਿਲੀ ਹੈ। ਇਸੇ ਤਰ੍ਹਾਂ, ਲੁਧਿਆਣਾ ਪੱਛਮੀ ਦੇ 37 ਕਿਸਾਨਾਂ ਨੂੰ 2.87 ਲੱਖ ਰੁਪਏ ਦਾ ਲਾਭ, ਪਾਇਲ ਦੇ 726 ਲਾਭਪਾਤਰੀਆਂ ਨੂੰ 83.84 ਲੱਖ ਰੁਪਏ ਦੀ ਰਾਹਤ ਦਿੱਤੀ ਗਈ, ਰਾਏਕੋਟ ਵਿੱਚ 4628 ਕਿਸਾਨਾਂ ਦੇ 4.71 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ, ਸਾਹਨੇਵਾਲ ਦੇ 3132 ਲਾਭਪਾਤਰੀਆਂ ਦੇ 3.86 ਕਰੋੜ ਰੁਪਏ ਯਕੀਨੀ ਬਣਾਏ ਗਏ ਅਤੇ ਸਮਰਾਲਾ ਦੇ 2000 ਕਿਸਾਨਾਂ ਨੂੰ 2.19 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਸਕੀਮ ਕਿਸਾਨਾਂ ਲਈ ਸੁਨਹਿਰੀ ਯੁੱਗ ਲੈ ਕੇ ਆਵੇਗੀ ਅਤੇ ਕਿਸਾਨ ਭਾਈਚਾਰੇ ਦੀਆਂ ਮੁਸ਼ਕਲਾਂ ਦੂਰ ਹੋਣ, ਜੋ ਕਰਜ਼ੇ ਦੇ ਜਾਲ ਕਾਰਨ ਬਹੁਤ ਔਕਡਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਸਕੀਮ ਦਾ ਇਹ 5ਵਾਂ ਪੜਾਅ ਕਿਸਾਨ ਭਾਈਚਾਰੇ ਖਾਸ ਕਰਕੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸੁਖਾਲਾ ਕਰੇਗਾ। ਉਨ੍ਹਾਂ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਭਾਈਚਾਰੇ ਦੀ ਕਿਸਮਤ ਨੂੰ ਸੇਧ ਦੇਣ ਲਈ ਇਹ ਇਤਿਹਾਸਕ ਕਦਮ ਚੁੱਕਣ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਨੂੰ ਉੱਚ ਵਿਕਾਸ ਦੇ ਰਾਹ ‘ਤੇ ਲਿਆਉਣ ਲਈ ਰਾਜ ਸਰਕਾਰ ਦੁਆਰਾ ਕਈ  ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਠੋਸ ਯਤਨ ਛੇਤੀ ਹੀ ਲੋੜੀਂਦੇ ਨਤੀਜੇ ਦੇਣਗੇ ਅਤੇ ਪੰਜਾਬ ਦੁਬਾਰਾ ਦੇਸ਼ ਦੇ ਮੋਹਰੀ ਦਰਜੇ ਵਾਲੇ ਸੂਬੇ ਵਜੋਂ ਉਭਰੇਗਾ। ਇਸ ਮੌਕੇ ਏ.ਡੀ.ਸੀ. ਖੰਨਾ ਸ. ਸਕਤਰ ਸਿੰਘ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ. ਯਾਦਵਿੰਦਰ ਸਿੰਘ ਜੰਡਿਆਲੀ, ਨਿਗਮ ਕੌਂਸਲਰ ਸ. ਹਰਕਰਨ ਸਿੰਘ ਵੈਦ, ਮੈਨੇਜਿੰਗ ਡਾਇਰੈਕਟਰ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਜਸਪਾਲ ਸਿੰਘ, ਜ਼ਿਲ੍ਹਾ ਮੈਨੇਜਰ ਪਰਮਜੀਤ ਕੌਰ, ਸੀਨੀਅਰ ਮੈਨੇਜਰ ਗੁਰਨਾਮ ਪਾਲ, ਆਈ.ਟੀ.ਓ ਰਮਾ ਕਾਂਤ, ਇੰਸਪੈਕਟਰ ਅੰਕੁਰ ਸ਼ਰਮਾ ਅਤੇ ਹੋਰ ਹਾਜ਼ਰ ਸਨ। ਇਸ ਦੌਰਾਨ ਸਾਹਨੇਵਾਲ ਵਿੱਚ ਸਤਵਿੰਦਰ ਬਿੱਟੀ, ਖੰਨਾ ਵਿੱਚ ਸਤਨਾਮ ਸੋਨੀ ਅਤੇ ਗੁਰਦੀਪ ਸਿੰਘ ਅਤੇ ਜਗਰਾਉਂ ਵਿੱਚ ਸੋਨੀ ਗਾਲਿਬ ਨੇ ਰਾਹਤ ਸਰਟੀਫਿਕੇਟ ਸੌਂਪੇ।

About Author

Leave A Reply

WP2Social Auto Publish Powered By : XYZScripts.com