ਕਿਹਾ ! ਪੰਜਾਬ ਸਰਕਾਰ ਖੇਡਾਂ ਨੂੰ ਖਾਸ ਕਰਕੇ ਰਾਸ਼ਟਰੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ
ਮੁੱਲਾਂਪੁਰ/ਚਚਰਾੜੀ, (ਸੰਜੇ ਮਿੰਕਾ)- ਭਾਰਤੀ ਪੁਰਸ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਗਮਾ ਜਿੱਤਣ ਦੇ ਨਾਲ ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ 41 ਸਾਲਾਂ ਦੇ ਅੰਤਰਾਲ ਦੇ ਬਾਅਦ ਓਲੰਪਿਕ ਵਿੱਚ ਭਾਰਤੀ ਪੁਰਸ਼ ਟੀਮ ਦੀ ਇਤਿਹਾਸਕ ਜਿੱਤ ਦਾ ਜਸ਼ਨ ਪਿੰਡ ਚਚਰਾੜੀ ਦੇ ਹਾਕੀ ਖਿਡਾਰੀਆਂ ਨਾਲ ਵਿਸ਼ੇਸ਼ ਕੇਕ ਕੱਟ ਕੇ, ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਮਨਾਇਆ। ਉਨ੍ਹਾਂ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੂੰ ਓਲੰਪਿਕ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬਹੁਤ ਬਹੁਤ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਪੁਰਸ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਗਮਾ ਜਿੱਤਣ ਨਾਲ ਭਾਰਤ ਦੇਸ਼ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਚਚਰਾੜੀ ਪਿੰਡ ਹਾਕੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਿਡਾਰੀਆਂ ਨੂੰ ਅੱਗੇ ਵਧਣ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਗਰਾਊਂਡ ‘ਤੇ ਖੇਡ ਕੇ ਕਈ ਖਿਡਾਰੀ ਉਲੰਪਿਕ ਵਿੱਚ ਗਏ ਹਨ ਕੁੱਝ ਖਿਡਾਰੀ ਹੁਣ ਕੇਨੇਡਾ ਦੀ ਟੀਮ ਵਿੱਚ ਖੇਡ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਗਰਾਊਂਡ ਵਿੱਚ ਰੂਮੀ, ਢੋਲਣ, ਹਾਂਸ ਕਲਾਂ ਆਦਿ ਦਰਜਨਾਂ ਪਿੰਡਾਂ ਦੇ ਲੜਕੇ/ਲੜਕੀਆਂ ਖਿਡਾਰੀ ਆਉਂਦੇ ਹਨ ਅਤੇ ਪ੍ਰੈਕਟਿਸ ਕਰਦੇ ਹਨ। ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਖਾਸ ਕਰਕੇ ਰਾਸ਼ਟਰੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਜਿਸ ਲਈ ਉਹ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸੁਧਾਰ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਮੌਕੇ ਕੋਚ ਸੁਖਵਿੰਦਰ ਸਿੰਘ ਅਤੇ ਕੋਚ ਕੁਲਵਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਦਲਜੀਤ ਸਿੰਘ, ਕੋਪਰੇਟਿਵ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਯੂਥ ਆਗੂ ਕੁਲਦੀਪ ਸਿੰਘ, ਪ੍ਰਧਾਨ ਸਪੋਰਟਸ ਕਲੱਬ ਜਗਦੀਪ ਸਿੰਘ, ਵਿੱਕੀ ਚਚਰਾੜੀ, ਸ਼੍ਰੀ ਮਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।