- ਲੁਧਿਆਣਾ ਵਾਸੀਆਂ ਵੱਲੋਂ 41 ਸਾਲਾਂ ਦੇ ਅੰਤਰਾਲ ਬਾਅਦ ਓਲੰਪਿਕ ‘ਚ ਇਤਿਹਾਸਕ ਜਿੱਤ ਦਾ ਮਨਾਇਆ ਜਸ਼ਨ
- ਪੀ.ਵਾਈ.ਡੀ.ਬੀ. ਹਾਕੀ ਟੀਮ ਦੇ ਨਾਇਕਾਂ ਦਾ ਮਾਤਰ ਭੂਮੀ ਪਰਤਣ ਮੌਕੇ ਕਰੇਗਾ ਹਾਰਦਿਕ ਸਗਾਵਤ
ਲੁਧਿਆਣਾ (ਸੰਜੇ ਮਿੰਕਾ) – ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਅੱਜ ਸਵੇਰੇ ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਗਮਾ ਜਿੱਤਣ ਦੇ ਨਾਲ, ਲੁਧਿਆਣਾ ਵਾਸੀਆਂ ਨੇ 41 ਸਾਲਾਂ ਦੇ ਅੰਤਰਾਲ ਦੇ ਬਾਅਦ ਓਲੰਪਿਕ ਵਿੱਚ ਭਾਰਤੀ ਪੁਰਸ਼ ਟੀਮ ਦੀ ਇਤਿਹਾਸਕ ਜਿੱਤ ਦਾ ਜਸ਼ਨ ਮਨਾਇਆ। ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਅਤੇ ਹਾਕੀ ਓਲੰਪੀਅਨ ਸ.ਹਰਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਲੁਧਿਆਣਾ ਦੇ ਲੋਕਾਂ ਨੇ ਸਥਾਨਕ ਸਰਾਭਾ ਨਗਰ ਮਾਰਕੀਟ ਦੇ ਬੈਲਫਰੈਂਸ ਵਿੱਚ ਇੱਕ ਵਿਸ਼ੇਸ਼ ਕੇਕ ਕੱਟਿਆ ਅਤੇ ਭਾਰਤੀ ਹਾਕੀ ਟੀਮ ਦੇ ਹਰ ਮੈਂਬਰ ਨੂੰ ਓਲੰਪਿਕ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਭਾਰਤੀ ਹਾਕੀ ਟੀਮ ਦੀ ਸ਼ਲਾਘਾ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਪੀ.ਵਾਈ.ਡੀ.ਬੀ. ਹਾਕੀ ਟੀਮ ਦੇ ਨਾਇਕਾਂ ਦਾ ਉਨ੍ਹਾਂ ਦੀ ਮਾਤਰ ਭੂਮੀ ‘ਤੇ ਪਰਤਣ ਮੌਕੇ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰੇਗਾ ਅਤੇ ਕਿਹਾ ਕਿ ਖਿਡਾਰੀਆਂ ਨੇ ਭਾਰਤ ਦੀ ਰਾਸ਼ਟਰੀ ਖੇਡ ਵਿੱਚ ਬਹੁਤ ਉਡੀਕਿਆ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਹਿਲਾਂ ਹੀ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ 1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ, ਜੋ ਭਾਰਤੀ ਪੁਰਸ਼ ਟੀਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਖਾਸ ਕਰਕੇ ਰਾਸ਼ਟਰੀ ਖੇਡ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ ਜਿਸ ਲਈ ਉਹ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸੁਧਾਰ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸ੍ਰੀ ਬਿੰਦਰਾ ਨੇ ਦੱਸਿਆ ਕਿ ਪੀ.ਵਾਈ.ਡੀ.ਬੀ. ਪਹਿਲਾਂ ਹੀ ਰਾਜ ਦੇ ਯੂਥ ਕਲੱਬਾਂ ਵਿੱਚ ਸਪੋਰਟਸ ਕਿੱਟਾਂ ਪ੍ਰਦਾਨ ਕਰਦਾ ਆ ਰਿਹਾ ਹੈ ਅਤੇ ਹੁਣ ਤੱਕ ਬੋਰਡ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ਲਈ 2500 ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਕੇ, ਸੂਬੇ ਵਿੱਚੋਂ ਨਸ਼ਾਖੋਰੀ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾ ਸਕਦਾ ਹੈ। ਇਸ ਮੌਕੇ ਹਰਜਿੰਦਰ ਸਿੰਘ ਕੁਕਰੇਜਾ, ਸਤਿੰਦਰ ਸਿੰਘ ਕੁਕਰੇਜਾ, ਬਲਵਿੰਦਰ ਸਿੰਘ ਸੇਠੀ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।