Wednesday, March 12

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਐਚ.ਆਈ.ਵੀ/ਏਡਜ਼ ਸਬੰਧੀ 45 ਜਾਗਰੂਕਤਾ ਕੈਬਜ਼ ਦੀ ਸੁਰੂਆਤ

ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਪੀ.ਐਸ.ਏ.ਸੀ.ਐਸ.)ਵੱਲੋਂ ਐਚ.ਆਈ.ਵੀ/ਏਡਜ਼ ਸੰਬੰਧੀ ਜਾਗਰੂਕਤਾ ਲਈ 45 ਕੈਬਸ ਦਫ਼ਤਰ ਸਿਵਲ ਸਰਜਨ ਤੋਂ ਰਵਾਨਾ ਕੀਤੀਆਂ ਗਈਆਂ। ਇਨ੍ਹਾਂ ਕੈਬਸ ਨੂੰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਜੁਆਇਂਟ ਡਾਇਰੈਕਟਰ (ਸੀ.ਐਸ.ਟੀ.) ਡਾ. ਵਿਨੈ ਮੋਹਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਡਾ. ਵਿਨੈ ਮੋਹਨ ਨੇ ਦੱਸਿਆ ਕਿ ਗੱਡੀਆਂ ਦਾ ਮਕਸਦ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਸੰਬੰਧੀ ਜਾਗਰੂਕ ਕਰਨਾ ਹੈ। ਇਨ੍ਹਾਂ ਕੈਬਸ ਦੇ ਦੋਨੋਂ ਪਾਸੇ ਖਾਸ ਤੌਰ ‘ਤੇ ਗਰਭਵਤੀ ਔਰਤਾਂ ਨੂੰ ਐਚ.ਆਈ.ਵੀ. ਟੈਸਟ ਕਰਵਾਉਣ ਤੇ ਐਚ.ਆਈ.ਵੀ. ਪੋਜੀਟਿਵ ਗਰਭਵਤੀ ਔਰਤਾਂ ਨੂੰ ਸੁਰੱਖਿਅਤ ਬੱਚੇ ਦਾ ਜਣੇਪਾ ਸਰਕਾਰੀ ਹਸਪਤਾਲਾਂ ਵਿੱਚ ਕਰਵਾਉਣ ਸੰਬੰਧੀ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਐਚ.ਆਈ.ਵੀ. ਤੋਂ ਬਚਾਇਆ ਜਾ ਸਕੇ। ਡਾ.ਵਿਨੈ ਮੋਹਨ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਸਾਇਟੀ ਵੱਲੋਂ ਪੰਜਾਬ ਭਰ ਵਿੱਚ ਐਚ.ਆਈ.ਵੀ. ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਐਚ.ਆਈ.ਵੀ. ਦੀ ਕਾਉਂਸਲਿੰਗ, ਟੈਸਟ ਤੇ ਇਲਾਜ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸਤੋਂ ਇਲਾਵਾ ਐਚ.ਆਈ.ਵੀ. ਪ੍ਰਭਾਵਿਤ ਮਰੀਜਾਂ ਨੂੰ ਪੰਜਾਬ ਸਰਕਾਰ ਵੱਲੋਂ ਉਪਲਬੱਧ ਵੱਖ-ਵੱਖ ਸਕੀਮਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਮਾਰਟ ਰਾਸ਼ਨ ਕਾਰਡ, ਸਰਬੱਤ ਸਿਹਤ ਬੀਮਾ ਯੋਜਨਾ ਤੇ ਹੋਰ ਸਕੀਮਾਂ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਐਚ.ਆਈ.ਵੀ. ਬਾਰੇ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਐਚ.ਆਈ.ਵੀ. ਬਾਰੇ ਜਾਗਰੂਕ ਰਹਿ ਕੇ ਅਤੇ ਸੁਰੱਖਿਅਤ ਢੰਗਾਂ ਨੂੰ ਅਪਨਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਐਚ.ਆਈ.ਵੀ. ਬਾਰੇ ਜਾਗਰੂਕ ਰਹਿਣ ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ। ਇਸ ਮੌਕੇ ਤੇ ਡਿਸਟਰਿਕਟ ਏਡਜ਼ ਕੰਟਰੋਲ ਅਫ਼ਸਰ ਡਾ. ਅੰਮ੍ਰਿਤ ਕੌਰ, ਸੀਨੀਅਰ ਮੈਡੀਕਲ ਅਫ਼ਸਰ ਏ.ਆਰ.ਟੀ. ਡਾ. ਹਰਿੰਦਰ ਸੂਦ, ਜੁਆਇੰਟ ਡਾਇਰੈਕਟਰ (ਬੀ.ਟੀ.ਐਸ.) ਡਾ. ਸੁਨੀਤਾ, ਜੁਆਇੰਟ ਡਾਇਰੈਕਟਰ (ਆਈ.ਈ.ਸੀ.) ਪਵਨ ਰੇਖਾ ਬੇਰੀ, ਅਸਿਸਟੈਂਟ ਡਾਇਰੈਕਟਰ (ਐਮ.ਐਮ.) ਮਨੀਸ਼ ਕੁਮਾਰ, ਅਸਿਸਟੈਂਟ ਡਾਇਰੈਕਟਰ (ਡੀ.ਐਂਡ.ਪੀ.) ਨਿਤਿਨ ਚਾਂਡਲਾ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com