Saturday, May 10

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਲੰਘਣਾ ਕਰਨ ਵਾਲੀਆਂ ਯੂਨਿਟਾਂ ‘ਤੇ 2.46 ਕਰੋੜ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ

ਲੁਧਿਆਣਾ, (ਸੰਜੇ ਮਿੰਕਾ) – ਸ੍ਰੀ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨੂੰ ਇਲੈਕਟ੍ਰੋਪਲੇਟਿੰਗ ਅਤੇ ਐਸਿਡ ਪਿਕਲਿੰਗ ਯੂਨਿਟਾਂ ਦੁਆਰਾ ਗੰਦੇ ਪਾਣੀ ਨੂੰ ਨਾਜਾਇਜ਼ ਤਰੀਕੇ ਨਾਲ ਸੁੱਟਣ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਲਈ, ਬੋਰਡ ਨੇ ਆਪਣੇ ਅਧਿਕਾਰੀਆਂ ਦੁਆਰਾ ਅਚਨਚੇਤ ਨਿਰੀਖਣ ਕੀਤੇ। ਇਸ ਪ੍ਰਕਿਰਿਆ ਵਿਚ ਇਲੈਕਟ੍ਰੋਪਲੇਟਿੰਗ ਯੂਨਿਟਸ ਦੇ ਲਈ ਲਗਾਏ ਗਏ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਦੇ ਨਾਲ-ਨਾਲ ਸਪੈਂਟ ਐਸਿਡ ਦੇ ਰੀਪ੍ਰੋਸੈਸਿੰਗ ਯੂਨਿਟਸ ਦੇ ਕੰਮ-ਕਾਜ ਕਰਨ ਬਾਰੇ ਵੀ ਨਿਰੀਖਣ ਕੀਤਾ ਗਿਆ। ਬੋਰਡ ਵੱਲੋਂ ਕਾਰਨ ਦੱਸੋ ਨੋਟਿਸ ਅਤੇ ਨਿੱਜੀ ਸੁਣਵਾਈ ਦਿੱਤੀ ਗਈ ਸੀ ਅਤੇ ਉਲੰਘਣਾ ਕਰਨ ਵਾਲੀਆਂ ਇਕਾਈਆਂ ਵਿਰੁੱਧ ਕਾਰਵਾਈ ਕੀਤੀ ਗਈ । ਸਪੈਂਟ ਐਸਿਡ ਦੇ 02 ਰੀਪ੍ਰੋਸੈਸਿੰਗ ਯੂਨਿਟਸ ਦੇ ਨਾਲ-ਨਾਲ ਲੁਧਿਆਣਾ ਵਿਚ ਚੱਲ ਰਹੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਲਈ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ) ਨੂੰ ਵੀ 2.46 ਕਰੋੜ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਮੈਸਰਜ਼ ਰਾਜਕੈਮ ਗਲੋਬਲ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ, ਪਿੰਡ ਢੇਰੀ, ਜ਼ਿਲ੍ਹਾ ਲੁਧਿਆਣਾ ਦੀ ਸਥਾਪਨਾ ਇਲੈਕਟ੍ਰੋਪਲੇਟਿੰਗ/ਐਸਿਡ ਪਿਕਲਿੰਗ ਯੂਨਿਟਸ ਵਿਚੋ ਨਿਕਲੇ ਸਪੈਂਟ ਐਚ.ਸੀ.ਐਲ. ਐਸਿਡ ਨੂੰ ਟਰੀਟ ਕਰਨ ਲਈ ਕੀਤੀ ਗਈ ਸੀ। ਨਿਰੀਖਣ ਦੌਰਾਨ ਇਸ ਰੀਪ੍ਰੋਸੈਸਿੰਗ ਯੂਨਿਟ ਵਿਚ ਕਈ ਖਾਮੀਆ ਪਾਈਆਂ ਗਈਆਂ ਸਨ, ਜਿਸ ਵਿੱਚ ਬਿਨਾਂ ਕਾਨੂੰਨੀ ਕਲੀਅਰੈਂਸਾਂ ਦੇ ਯੂਨਿਟ ਦਾ ਸੰਚਾਲਨ ਵੀ ਸ਼ਾਮਲ ਸੀ। ਇਸ ਲਈ ਯੂਨਿਟ ਨੂੰ ਪੀ.ਪੀ.ਸੀ.ਬੀ. ਦੁਆਰਾ 1,14,62,500/- ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। ਕੋਹਾੜਾ ਵਿਖੇ ਸਥਿਤ ਦੂਜਾ ਰੀਪ੍ਰੋਸੈਸਿੰਗ ਯੂਨਿਟ ਮੈਸਰਜ਼ ਜੇ.ਬੀ.ਆਰ. ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਨਾਮ ਹੇਠ ਕੰਮ ਕਰ ਰਿਹਾ ਸੀ, ਜੋ ਕਿ ਐਸਿਡ ਪਿਕਲਿੰਗ ਯੂਨਿਟਸ ਤੋ ਨਿਕਲੇ ਸਪੈਂਟ ਸਲਫੁਰਿਕ ਐਸਿਡ ਨੂੰ ਟਰੀਟ ਕਰਨ ਲਈ ਲਗਾਇਆ ਹੋਇਆ ਹੈ। ਨਿਰੀਖਣ ਦੌਰਾਨ ਪਾਇਆ ਗਿਆ ਕਿ ਇਹ ਰੀਪ੍ਰੋਸੈਸਿੰਗ ਯੂਨਿਟ ਸਪੈਂਟ ਸਲਫੁਰਿਕ ਐਸਿਡ ਦੇ ਨਾਲ-ਨਾਲ ਉਦਯੋਗਿਕ ਇਕਾਈਆ ਤੋਂ ਸਪੈਂਟ ਐਚ.ਸੀ.ਐਲ. ਐਸਿਡ ਵੀ ਚੁੱਕ ਰਿਹਾ ਹੈ, ਜਦੋ ਕਿ ਇਸ ਰੀਪ੍ਰੋਸੈਸਿੰਗ ਯੂਨਿਟ ਨੂੰ ਸਿਰਫ ਸਪੈਂਟ ਸਲਫੁਰਿਕ ਐਸਿਡ ਨੂੰ ਟਰੀਟ ਕਰਨ ਦੀ ਆਗਿਆ ਦਿੱਤੀ ਹੋਈ ਹੈ। ਇਸ ਲਈ ਇਸ ਰੀਪ੍ਰੋਸੈਸਿੰਗ ਯੂਨਿਟ ਨੂੰ ਪੀ.ਪੀ.ਸੀ.ਬੀ. ਨੇ 26,25,000/- ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਹੈ। ਇਸੇ ਤਰ੍ਹਾਂ, ਮੈਸਰਜ਼ ਜੇ.ਬੀ.ਆਰ. ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਦੁਆਰਾ ਫੋਕਲ ਪੁਆਇੰਟ, ਲੁਧਿਆਣਾ ਵਿਖੇ ਸੰਚਾਲਿਤ ਇਲੈਕਟ੍ਰੋਪਲੇਟਿੰਗ ਯੂਨਿਟਾਂ ਲਈ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਦੀਆਂ ਗਤੀਵਿਧੀਆਂ ਦਾ ਬੋਰਡ ਦੇ ਅਧਿਕਾਰੀਆਂ ਅਤੇ ਤੀਸਰੀ ਧਿਰ ਆਡੀਟਰ ਵਜੋਂ ਇਕ ਮਾਹਰ ਵੱਲੋ ਟੀਮ ਬਣਾ ਕੇ ਆਡਿਟ ਕੀਤਾ ਗਿਆ। ਸੀ.ਈ.ਟੀ.ਪੀ. ਨੂੰ ਪਾਣੀ ਐਕਟ, 1974 ਅਤੇ ਖਤਰਨਾਕ ਅਤੇ ਹੋਰ ਰਹਿੰਦ-ਖੂੰਹਦ ਨਿਯਮਾਂ, 2016 ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕਰਦਿਆਂ ਪਾਇਆ ਗਿਆ। ਇਸ ਲਈ ਸੀ.ਈ.ਟੀ.ਪੀ. ਨੂੰ ਪੀ.ਪੀ.ਸੀ.ਬੀ. ਨੇ 1,05,15,500/- ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਹੈ। ਸ੍ਰੀ ਵਰਮਾ ਨੇ ਸਾਰੇ ਉਦਯੋਗਾਂ ਨੂੰ ਪ੍ਰਦੂਸ਼ਣ ਰੋਕਥਾਮ ਕਾਨੂੰਨਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਤਾਂ ਜੋ ਲੋਕ ਇੱਕ ਸਾਫ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਵਿੱਚ ਰਹਿ ਸਕਣ। ਸ੍ਰੀ ਵਰਮਾ ਨੇ ਅੱਗੇ ਕਿਹਾ ਜੇਕਰ ਕੋਈ ਅਧਿਕਾਰੀ ਉਦਯੋਗ ਨੂੰ ਬਿਨ੍ਹਾ ਵਜ੍ਹਾ ਤੰਗ/ਪ੍ਰੇਸ਼ਾਨ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com