
- ਨਗਰ ਨਿਗਮ, ਸਿੰਚਾਈ ਤੇ ਡਰੇਨੇਜ ਵਿਭਾਗਾਂ ਦੇ ਅਧਿਕਾਰੀਆਂ ਦੇ ਉਪਰਾਲੇ ਨਾਲ ਹਟਾਏ ਗਏ ਕਬਜ਼ੇ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਯਤਨਾਂ ਸਦਕਾ ਵਾਰਡ ਨੰਬਰ 78 ਵਿੱਚ ਪੰਜ ਪੀਰ ਰੋਡ ਨੇੜੇ ਬਰਸਾਤੀ ਨਾਲੇ ‘ਤੇ ਹੋਏ ਕਬਜ਼ੇ ਹਟਾਏ ਗਏ ਹਨ, ਜਿਸ ਦੇ ਸਿੱਟੇ ਵਜੋਂ ਮੁੱਖ ਪੰਜ ਪੀਰ ਰੋਡ ‘ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਸੁਨੀਲ ਕਪੂਰ, ਇੰਦਰਜੀਤ ਸਿੰਘ ਇੰਦੀ ਅਤੇ ਕਈ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਸ੍ਰੀ ਆਸ਼ੂ ਨੇ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਬਰਸਾਤੀ ਨਾਲੇ ‘ਤੇ ਕੁਝ ਡੇਅਰੀ ਮਾਲਕਾਂ ਵੱਲੋਂ ਕੀਤੇ ਗਏ ਕਬਜ਼ਿਆਂ ਕਾਰਨ ਮੀਂਹ ਦਾ ਪਾਣੀ ਬੁੱਢੇ ਨਾਲੇ ਵਿੱਚ ਨਹੀਂ ਪੈਂਦਾ ਸੀ ਅਤੇ ਇਹ ਪਾਣੀ ਪੰਜ ਪੀਰ ਰੋਡ ‘ਤੇ ਭਰ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ, ਸਿੰਚਾਈ ਅਤੇ ਡਰੇਨੇਜ ਵਿਭਾਗਾਂ ਦੇ ਅਧਿਕਾਰੀਆਂ ਦੇ ਯਤਨਾਂ ਸਦਕਾ ਇਹ ਕਬਜ਼ੇ ਹਟਾਏ ਗਏ ਹਨ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਇਸ ਨਾਲ ਹੁਣ ਮਨਦੀਪ ਨਗਰ, ਨਿਊ ਸੂਰਿਆ ਵਿਹਾਰ, ਮੇਹਰ ਸਿੰਘ ਕਲੋਨੀ, ਚਾਂਦ ਕਲੋਨੀ, ਰਾਧੇ ਸ਼ਾਮ ਕਲੋਨੀ, ਕਾਰਪੋਰੇਸ਼ਨ ਕਲੋਨੀ, ਮਯੂਰ ਵਿਹਾਰ, ਸੁਖਦੇਵ ਐਨਕਲੇਵ, ਅੰਮ੍ਰਿਤ ਕਲੋਨੀ, ਹੈਬੋਵਾਲ ਡੇਅਰੀ ਕੰਪਲੈਕਸ ਬਲਾਕ ਬੀ ਤੋਂ ਇਲਾਵਾ 15 ਹਜ਼ਾਰ ਦੇ ਕਰੀਬ ਵਸਨੀਕਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਸ਼ਹਿਰ ਦੇ ਹੋਰ ਇਲਾਕਿਆਂ ਤੋਂ ਇਲਾਵਾ ਬਲਾਕ-ਬੀ ਰਾਜਗੁਰੂ ਨਗਰ, ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਬੀ ਵਿੱਚ ਗੁਡਵਿਲ ਪਾਰਕ ਦੇ ਵਸਨੀਕਾਂ ਨਾਲ ਕਈ ਮੀਟਿੰਗਾਂ ਕੀਤੀਆਂ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਸਾਰੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ।