- ਕੈਪਟਨ ਸਰਕਾਰ ਅਰਬਪੱਤੀਆਂ ਦੀ ਥਾਂ ਗਰੀਬਾਂ ਨੂੰ ਦੇਵੇ ਤਰਸ ਦੇ ਆਧਾਰ ਤੇ ਨੌਕਰੀਆਂ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )-ਲੁਧਿਆਣਾ ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ, ਕੋਰ ਕਮੇਟੀ ਮੈਂਬਰ ਅਤੇ ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਸ. ਰਣਧੀਰ ਸਿੰਘ ਸਿਵੀਆ ਨੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਦੇ ਭਤੀਜੇ ਅਤੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪੱੁਤਰ ਵਲੋਂ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਲੈਣ ਤੋਂ ਇਨਕਾਰ ਕਰਨ ਦਾ ਸੁਆਗਤ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਪਾਂਡੇ ਪਰਿਵਾਰ ਨੇ ਵੀ ਨੌਕਰੀ ਲੈਣ ਤੋਂ ਇਨਕਾਰ ਨਾਂ ਕੀਤਾ ਤਾਂ ਹਲਕਾ ਉੱਤਰੀ ਤੋਂ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਬੇਰੁਜ਼ਗਾਰ ਨੌਜਵਾਨਾ, ਸੁਤੰਤਰਤਾ ਸੰਗਰਾਮੀ ਅਤੇ ਅਜ਼ਾਦੀ ਗੂਲਾਟੀ ਪਰਿਵਾਰਾਂ ਨੂੰ ਨਾਲ ਲੈ ਕੇ ਵਿਧਾਇਕ ਪਾਂਡੇ ਦੇ ਦਫਤਰ ਦੇ ਨੇੜੇ ਪੁਲੀ ਤੇ ਲੜੀਵਾਰ ਭੁੱਖ ਹੜਤਾਲ ਕਰਨਗੇ, ਜਿਸ ਦੀ ਸ਼ੁਰੂਆਤ 27 ਜੂਨ ਦਿਨ ਐਤਵਾਰ ਤੋਂ ਕੀਤੀ ਜਾਵੇਗੀ। ਸਿਵੀਆ ਨੇ ਪੰਜਾਬ ਦੇ ਮੁੱਖ ਮੰਤਰੀ ਕਪਟਨ ਅਮਰਿੰਦਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਇਨਾ ਨੇ ਜਿਹੜੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਨਾ ਵਿਚੋਂ ਮੁੱਖ ਵਾਅਦਾ ਘਰ ਘਰ ਨੌਕਰੀ ਦੇਣ ਦਾ ਸੀ, ਜਿਸ ਲਈ ਕਾਂਗਰਸੀਆਂ ਨੇ ਗਲੀ ਮੁਹੱਲਿਆਂ ਵਿਚ ਕੈਂਪ ਲਾ ਕੇ ਬੇਰੁਜ਼ਗਾਰਾਂ ਦੇ ਫਾਰਮ ਵੀ ਭਰੇ ਸਨ, ਪ੍ਰੰਤੂ ਘਰ ਘਰ ਨੌਕਰੀ ਦੀ ਸ਼ੁਰੂਆਤ ਇਨ੍ਹਾ ਨੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਦੇ ਭਰਾ ਤੋਂ ਕਰਕੇ ਹੁਣ ਵਿਧਾਇਕਾਂ ਦੇ ਪੁੱਤਰਾਂ ਤੱਕ ਪੁਹੰਚਾਈ ਹੈ। ਉਨਾ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜੋਰ ਸ਼ਬਦਾਂ ਰਾਂਹੀ ਮੰਗ ਕੀਤੀ ਕਿ ਅਰਬਪੱਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੀ ਥਾਂ ਗਰੀਬ ਲੋਕਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣ। ਸਿਵੀਆ ਨੇ ਵਿਧਾਇਕ ਪਾਂਡੇ ਤੇ ਵਰ੍ਹਦੇ ਹੋਏ ਕਿਹਾ ਕਿ ਇਨ੍ਹਾ ਨੇ 30-35 ਸਾਲ ਵਿਚ ਆਪਣੇ ਹਲਕੇ ਦਾ ਕੁੱਝ ਨਹੀ ਸਵਾਰਿਆ ਅਤੇ ਹਲਕਾ ਨਿਵਾਸੀਆਂ ਦੀ ਮੁੱਖ ਮੰਗ ਗੰਦੇ ਨਾਲੇ ਦਾ ਮਸਲਾ ਵੀ ਹੱਲ ਨਹੀ ਕਰਵਾ ਸਕੇ। ਉਨਾ ਕਿਹਾ 2022 ਦੀਆਂ ਵਿਧਾਨ ਸਭਾ ਚੌਣਾ ਵਿਚ ਹਲਕੇ ਦੇ ਲੋਕ ਹੁਣ ਇਹੋ ਜਿਹੇ ਖੁਦਗਰਜ਼ ਆਗੂਆਂ ਨੂੰ ਮੂੰਹ ਨਹੀ ਲਾਉਣਗੇ ਜਿਹੜੇ ਹਲਕੇ ਦੇ ਵਿਕਾਸ ਦੀ ਥਾਂ ਆਪਣੇ ਪਰਿਵਾਰ ਦੇ ਵਿਕਾਸ ਨੂੰ ਪਹਿਲ ਦਿੰਦੇ ਹੋਣ। ਸਿਵੀਆ ਨੇ ਵਿਸ਼ਵਾਸ਼ ਨਾਲ ਕਿਹਾ ਕਿ ਆਉਣ ਵਾਲੀ ਪੰਜਾਬ ਸਰਕਾਰ ਲੋਕ ਇਨਸਾਫ ਪਾਰਟੀ ਮੁੱਖੀ ਬੈਂਸ ਭਰਾਵਾਂ ਦੀ ਅਗਵਾਈ ਹੇਠ ਬਣਨੀ ਯਕੀਨੀ ਹੈ, ਜੋਕਿ ਪੰਜਾਬ ਨੂੰ ਮੁੜ੍ਹ ਸੋਨੇ ਦੀ ਚਿੜ੍ਹੀ ਬਣਾਉਣ ਦਾ ਜ਼ਜ਼ਬਾ ਰਖਦੇ ਹਨ.