- ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ‘ਤੇ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-01-2021 ਦੇ ਆਧਾਰ ‘ਤੇ ਚੱਲ ਰਹੀ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਆਮ ਜਨਤਾ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਵਿੱਚ ਦੂਰੱਸਤੀ ਕਰਨ ਹਿੱਤ ਜਾਗਰੂਕ ਕਰਨ ਲਈ ਜਿਲ੍ਹੇ ਦੇ 14 ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵਲੋਂ ਆਪਣੇ-ਆਪਣੇ ਚੋਣ ਹਲਕੇ ਦੇ ਪੋਲਿੰਗ ਏਰੀਏ ਵਿੱਚ ਵੱਖ-ਵੱਖ ਸਥਾਨਾਂ ‘ਤੇ ਵੋਟਰ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾਂ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਕੈਂਪ ਦੌਰਾਨ ਆਨਲਾਈਨ ਵੋਟ ਰਜਿਸਟਰ ਕਰਨ ਅਤੇ ਵੋਟਰ ਕਾਰਡ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾ ਅੱਗੇ ਦੱਸਿਆ ਕਿ ਵੋਟਰ ਜਾਗਰੂਕਤਾ ਕੈਂਪਾਂ ਦੌਰਾਨ 18 ਸਾਲ ਉਮਰ ਪੂਰੀ ਕਰਨ ਵਾਲੇ ਅਤੇ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੂੰ ਆਨਲਾਈਨ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਜੋ ਵਿਅਕਤੀ ਲਿਖਣ – ਪੜ੍ਹਨ ਦੇ ਯੋਗ ਨਹੀਂ ਹਨ ਉਨ੍ਹਾਂ ਦਾ ਆਫਲਾਈਨ ਫਾਰਮ ਕੈਂਪਾਂ ਦੌਰਾਨ ਪ੍ਰਾਪਤ ਕਰਕੇ ਆਨਲਾਈਨ ਕੀਤਾ ਜਾਵੇਗਾ। ਇੱਥੇ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਦੇ ਪੋਰਟਲ Voterportal.eci.gov.in, ਵੈਬਸਾਈਟ www.nvsp.in ਅਤੇ Voter helpline App ਰਾਹੀਂ ਆਨਲਾਈਨ ਨਵੀਂ ਵੋਟ ਬਣਾਉਣ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ, ਵੋਟ ਵਿੱਚ ਲੋੜੀਂਦੀ ਸੋਧ ਕੀਤੀ ਜਾ ਸਕਦੀ ਹੈ ਜਾਂ ਵੋਟ ਕਟਵਾਈ ਵੀ ਜਾ ਸਕਦੀ ਹੈ। ਇਸ ਤੋਂ ਇਲਾਵਾ ਟੋਲ ਫਰੀ ਨੰਬਰ 1950 ‘ਤੇ ਆਮ ਜਨਤਾ/ਵੋਟਰ ਕਿਸੇ ਵੀ ਕਿਸਮ ਦੀ ਵੋਟਾਂ ਬਣਾਉਣ/ ਕਟਵਾਉਣ ਸਬੰਧੀ ਜਾਣਕਾਰੀ ਲੈ ਸਕਦਾ ਹੈ।