Wednesday, March 12

ਪ੍ਰਸ਼ਾਸ਼ਨ ਨੇ ਰੋਜ਼ਾਨਾ 33 ਹਜ਼ਾਰ ਟੀਕਾਕਰਨ ਦਾ ਮਿੱਥਿਆ ਟੀਚਾ, ਡੀ.ਸੀ. ਵੱਲੋਂ ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਲਈ ਆਈ.ਐਮ.ਏ. ਨੂੰ 100 ਟੀਮਾਂ ਦੇ ਗਠਨ ਲਈ ਕਿਹਾ

  • ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ! ਤੀਜ਼ੀ ਲਹਿਰ ਨੂੰ ਰੋਕਣ ਲਈ ਜਲਦ ਟੀਕਾਕਰਨ ਕਰਵਾਇਆ ਜਾਵੇ

ਲੁਧਿਆਣਾ, (ਸੰਜੇ ਮਿੰਕਾ)  – ਲੁਧਿਆਣਾ ਵਿੱਚ ਵਿਸ਼ਾਲ ਟੀਕਾਕਰਨ ਮੁਹਿੰਮ ਨੂੰ ਵਧਾਉਣ ਅਤੇ ਰੋਜ਼ਾਨਾ 33 ਹਜ਼ਾਰ ਲੋਕਾਂ ਦੇ ਟੀਕਾਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਸਥਾਨਕ ਸੰਸਥਾ ਨੂੰ ਇੱਕ ਮਹੀਨੇ ਵਿੱਚ ਅਗਲੇ 10 ਲੱਖ ਦੇ ਟੀਕਾਕਰਨ ਟੀਚੇ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੂੰ ਘੱਟੋ-ਘੱਟ 100 ਟੀਮਾਂ ਦੇਣ ਲਈ ਕਿਹਾ ਤਾਂ ਜੋ ਲੁਧਿਆਣਵੀਆਂ ਨੂੰ ਜਾਨਲੇਵਾ ਵਾਇਰਸ ਦੀ ਤੀਜੀ ਲਹਿਰ ਤੋਂ ਬਚਾਇਆ ਜਾ ਸਕੇ। ਆਪਣੇ ਦਫ਼ਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਕੋਵਿਡ ਵੈਕਸੀਨ ਦੀ ਸਪਲਾਈ ਕਿਤੇ ਬਿਹਤਰ ਹੈ ਅਤੇ ਲੋੜ ਸਿਰਫ ਸਾਰੇ ਬਾਲਗਾਂ ਨੂੰ ਕੋਵਿਡ-19 ਦੇ ਟੀਕੇ ਲਗਾਉਣ ਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਜ਼ਿਲ੍ਹੇ ਦੇ ਹਰ ਕੋਨੇ-ਕੋਨੇ ਵਿੱਚ ਟੀਮਾਂ ਭੇਜ ਕੇ ਮਹਾਂਮਾਰੀ ਦੀ ਸੰਭਾਵਿਤ ਨਵੀਂ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਕੋਵਿਡ ਟੀਕਾਕਰਨ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਕੋਵਿਡ-19 ਦੇ ਵਿਰੁੱਧ ਇਸ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਤੇਜ਼ ਟੀਕਾਕਰਨ ਮੁਹਿੰਮ ਬਹੁਗਿਣਤੀ ਲੋਕਾਂ ਨੂੰ ਕਵਚ ਪ੍ਰਦਾਨ ਕਰੇਗੀ ਜੋਕਿ ਕੋਰੋਨਾ ਮਹਾਂਮਾਰੀ ਦੀ ਪਸਾਰ ਲੜੀ ਤੋੜਨ ਵਿੱਚ ਵੀ ਸਹਾਈ ਸਿੱਧ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਟੀਕਾਕਰਨ ਇਸ ਅਦਿੱਖ ਦੁਸ਼ਮਣ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ ਅਤੇ ਹੁਣ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਕਿ ਅਸੀਂ ਟੀਕਾਕਰਨ ਕਰਵਾਉਣ ਲਈ ਅੱਗੇ ਆਈਏੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਟੀਕਾਕਰਨ ਲਈ ਅੱਗੇ ਆਉਣ, ਖਾਸ ਕਰਕੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੈਂਪਾਂ ਵਿੱਚ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਕਵਰੇਜ ਕੀਤੀ ਜਾ ਸਕੇ। ਸ੍ਰੀ ਸ਼ਰਮਾ ਨੇ ਅੱਗੇ ਆਈ.ਐਮ.ਏ. ਨੂੰ ਟੀਮਾਂ ਦਾ ਵੇਰਵਾ ਸਿਹਤ ਵਿਭਾਗਾਂ ਨਾਲ ਸਾਂਝਾ ਕਰਨ ਲਈ ਕਿਹਾ ਤਾਂ ਜੋ ਜ਼ਿਲ੍ਹੇ ਵਿੱਚ ਜਲਦ ਤੋਂ ਜਲਦ ਹੋਰ ਨਵੇਂ ਟੀਕਾਕਰਨ ਕੈਂਪ ਲਗਾਏ ਜਾ ਸਕਣ। ਇਸ ਮੌਕੇ ਪ੍ਰਮੁੱਖ ਤੌਰ ‘ਤੇ ਸਿਵਲ ਸਰਜਨ ਡਾ. ਕਿਰਨ ਗਿੱਲ ਆਹਲੂਵਾਲੀਆ, ਆਈ.ਐਮ.ਏ. ਲੁਧਿਆਣਾ ਦੇ ਮੁਖੀ ਡਾ. ਧੀਰਜ ਅਗਰਵਾਲ ਅਤੇ ਹੋਰ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com