Friday, May 9

ਕੋਵਿਡ-19 ਨਮੂਨੇ ਲੈਣ ਗਈ ਟੀਮ ‘ਤੇ ਪਿੰਡ ਰਛੀਨ ‘ਚ ਕੀਤਾ ਹਮਲਾ, ਮਾਮਲਾ ਦਰਜ਼

  • ਕੋਵਿਡ ਟੈਸਟਿੰਗ ਲਈ ਜਾਗਰੂਕ ਕਰਨ ‘ਤੇ, ਦੋਸ਼ੀ ਵੱਲੋਂ ਟੀਮ ਮੈਂਬਰ ਦੇ ਮੱਥੇ ‘ਤੇ ਮਾਰੀ ਇੱਟ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਅਧੀਨ ਪੈਂਦੇ ਪਿੰਡ ਰਛੀਨ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਅੱਜ ਸਵੇਰੇ ਇੱਕ ਕੋਵਿਡ-19 ਦੇ ਸੈਂਪਲ ਲੈਣ ਗਈ ਟੀਮ ‘ਤੇ ਹਮਲਾ ਹੋਇਆ, ਜਿਸ ਵਿੱਚ ਟੀਮ ਦੇ ਇੱਕ ਮੈਂਬਰ ਸੂਰਾਜ ਮੁਹੰਮਦ ਜੋਕਿ ਬਹੁਪੱਖੀ ਸਿਹਤ ਕਰਮਚਾਰੀ ਹੈ, ਦੇ ਮੱਥੇ ‘ਤੇ ਸੱਟਾਂ ਲੱਗੀਆਂ ਹਨ ਅਤੇ ਬਾਅਦ ਵਿਚ ਉਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਪੱਖੋਵਾਲ ਲਿਜਾਇਆ ਗਿਆ। ਆਪਣੇ ਬਿਆਨ ਵਿਚ ਸੂਰਾਜ ਮੁਹੰਮਦ ਨੇ ਪੁਲਿਸ ਨੂੰ ਦੱਸਿਆ ਕਿ ਉਸ ‘ਤੇ ਜਸਪ੍ਰੀਤ ਸਿੰਘ ਨਾਮ ਦੇ ਇਕ ਪਿੰਡ ਵਾਸੀ ਨੇ ਇੱਟ ਨਾਲ ਹਮਲਾ ਕੀਤਾ ਜਦੋਂ ਉਹ ਪਿੰਡ ਵਾਸੀਆਂ ਨੂੰ ਕੋਵਿਡ-19 ਟੈਸਟ ਲਈ ਅੱਗੇ ਆਉਣ ਲਈ ਜਾਗਰੂਕ ਕਰ ਰਿਹਾ ਸੀ। ਮੁਹੰਮਦ ਨੇ ਦੱਸਿਆ ਕਿ ਦੋਸ਼ੀ ਆਪਣਾ ਨਮੂਨਾ ਦੇਣ ਤੋਂ ਝਿਜਕ ਰਿਹਾ ਸੀ ਅਤੇ ਅਚਾਨਕ ਉਸ ਉੱਤੇ ਇੱਟ ਨਾਲ ਹਮਲਾ ਕਰ ਦਿੱਤਾ। ਉਸਨੇ ਅੱਗੇ ਕਿਹਾ ਕਿ ਇੱਟ ਉਸ ਦੇ ਮੱਥੇ ‘ਤੇ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਖਿਲਾਫ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਹੁਤ ਹੀ ਨਿੰਦਣਯੋਗ ਹਨ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਅੜਿੱਕਾ ਪਾਉਣ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਉਨ੍ਹਾਂ ਪੇਂਡੂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟਿੰਗ ਅਤੇ ਟੀਕਾਕਰਨ ਪ੍ਰਤੀ ਝਿਜਕ ਤੋਂ ਪਰਹੇਜ਼ ਕਰਨ ਕਿਉਂਕਿ ਕੋਵਿਡ-19 ਮਹਾਂਮਾਰੀ ‘ਤੇ ਫਤਿਹ ਪਾਉਣ ਲਈ ਇਹ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ।

About Author

Leave A Reply

WP2Social Auto Publish Powered By : XYZScripts.com