- 24 ਸਾਲਾ ਮਨਜੀਤ ਸੁਰੱਖਿਅਤ ਘਰ ਪਰਤਿਆ, ਡੀ.ਸੀ. ਤੇ ਸਰਬੱਤ ਦਾ ਭਲਾ ਤੋਂ ਐਸ.ਪੀ.ਐਸ. ਓਬਰਾਏ ਦਾ ਕੀਤਾ ਦਿਲੋਂ ਧੰਨਵਾਦ
ਲੁਧਿਆਣਾ, (ਸੰਜੇ ਮਿੰਕਾ) – ਦੁਬਈ ਵਿਚ ਫਸੇ 24 ਸਾਲਾ ਨੌਜਵਾਨ ਮਨਜੀਤ ਕੁਮਾਰ ਜੋਕਿ ਸਥਾਨਕ ਬਾਬਾ ਨਾਮਦੇਵ ਨਗਰ, ਲੁਧਿਆਣਾ ਦਾ ਨਿਵਾਸੀ ਹੈ, ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਯਤਨਾਂ ਸਦਕਾ ਇੰਨੇ ਘੱਟ ਸਮੇਂ ਵਿਚ ਆਪਣੇ ਪਰਿਵਾਰ ਵਿਚ ਦੁਬਾਰਾ ਆ ਜਾਵੇਗਾ। ਉਨ੍ਹਾਂ 13 ਮਈ, 2021 ਨੂੰ ਨੌਜਵਾਨਾਂ ਵੱਲੋਂ ਐਂਵੇ ਭੇਜੇ ਸੰਦੇਸ਼ ਤੋਂ ਬਾਆਦ ਉਸਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ। ਅੱਜ ਸਵੇਰੇ ਲੁਧਿਆਣਾ ਪਹੁੰਚੇ ਮਨਜੀਤ ਕੁਮਾਰ ਨੇ ਡਿਪਟੀ ਕਮਿਸ਼ਨਰ ਅਤੇ ਸਰਬੱਤ ਦਾ ਭਲਾ ਟਰੱਸਟ ਤੋਂ ਐਸ.ਪੀ.ਐਸ. ਓਬਰਾਏ ਦਾ ਤਹਿਦਿਲੋਂ ਧੰਨਵਾਦ ਕੀਤਾ। ਵਾਪਸ ਪਰਤਣ ‘ਤੇ ਮਨਜੀਤ ਕੁਮਾਰ ਨੇ ਕਿਹਾ ਕਿ ਉਹ ਇੱਥੇ ਏ.ਸੀ. ਮਕੈਨਿਕ ਦੇ ਤੌਰ ‘ਤੇ ਕੰਮ ਕਰ ਰਿਹਾ ਸੀ ਅਤੇ ਇਕ ਦਿਨ ਉਸ ਨੂੰ ਟਰੈਵਲ ਏਜੰਟ ਬਾਰੇ ਪਤਾ ਲੱਗਿਆ ਅਤੇ ਉਸ ਨੇ ਦੁਬਈ ਵਿਖੇ ਵਰਕ ਵੀਜ਼ਾ ਲਈ ਉਸ ਨਾਲ ਸੰਪਰਕ ਕੀਤਾ। ਉਸਨੇ ਕਿਹਾ ਕਿ ਏਜੰਟ ਨੇ ਉਸ ਨੂੰ ਇਹ ਦਾਅਵਾ ਕਰਦਿਆਂ ਲਾਲਚ ਦਿੱਤਾ ਕਿ ਵਿਜ਼ਿਟਰ ਵੀਜ਼ਾ ਦੇ ਇੱਕ ਮਹੀਨੇ ਬਾਅਦ ਉਸਦਾ ਵੀਜ਼ਾ ਆਪਣੇ ਆਪ ਵਰਕ ਵੀਜ਼ਾ ਵਿੱਚ ਤਬਦੀਲ ਹੋ ਜਾਵੇਗਾ। ਮਨਜੀਤ ਕੁਮਾਰ ਨੇ ਦੱਸਿਆ ਕਿ ”ਮੈਂ ਏਜੰਟ ਨੂੰ 80 ਹਜ਼ਾਰ ਰੁਪਏ ਦਿੱਤੇ ਅਤੇ 26 ਫਰਵਰੀ, 2021 ਨੂੰ ਇਕ ਮਹੀਨੇ ਦੇ ਵਿਜ਼ਿਟਰ ਵੀਜ਼ੇ ‘ਤੇ ਦੁਬਈ ਪਹੁੰਚਿਆ। ਜਦੋਂ ਬਾਅਦ ਵਿਚ ਇਹ ਵੀਜਾ ਖਤਮ ਹੋ ਗਿਆ, ਮੈਂ ਏਜੰਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕਈ ਵਾਰ ਵਰਕ ਵੀਜ਼ਾ ਲਈ ਬੇਨਤੀ ਕੀਤੀ ਪਰ ਕੋਈ ਲਾਭ ਨਹੀਂ ਹੋਇਆ. ਫਿਰ, ਮੇਰੇ ਪਰਿਵਾਰ ਨੇ ਟਰੈਵਲ ਏਜੰਟ ਦੇ ਦਫਤਰ ਦਾ ਦੌਰਾ ਵੀ ਕੀਤਾ ਅਤੇ ਉਸਨੂੰ ਕਈ ਫੌਨ ਕੀਤੇ, ਪਰ ਕੋਸ਼ਿਸ਼ਾਂ ਵਿਅਰਥ ਰਹੀਆਂ”. ਮਨਜੀਤ ਨੇ ਦੱਸਿਆ ਕਿ 13 ਮਈ, 2021 ਨੂੰ ਉਸਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਮੋਬਾਈਲ ਨੰਬਰ ‘ਤੇ ਐਵੇਂ ਹੀ ਇੱਕ ਮੈਸੇਜ ਭੇਜਿਆ, ਇਹ ਮੋਬਾਇਲ ਨੰਬਰ ਲੁਧਿਆਣਾ ਤੋਂ ਉਸਦੇ ਦੋਸਤ ਤੋਂ ਮਿਲਿਆ ਸੀ। ਉਸਨੇ ਕਿਹਾ ਕਿ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਤੁਰੰਤ ਜਵਾਬ ਦਿੱਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐਸ.ਪੀ.ਐਸ. ਓਬਰਾਏ ਨਾਲ ਗੱਲਬਾਤ ਕੀਤੀ, ਜਿਨ੍ਹਾਂ ਮਨਜੀਤ ਕੁਮਾਰ ਨੂੰ ਤੁਰੰਤ ਬਚਾਉਣ ਲਈ ਆਪਣੀ ਟੀਮ ਦੁਬਈ ਵਿਖੇ ਲਗਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨਜੀਤ ਕੁਮਾਰ ਨੂੰ ਸੁਰੱਖਿਅਤ ਵਾਪਸ ਲਿਆਉਣਾ ਸਾਡਾ ਫਰਜ਼ ਸੀ, ਜਿਸ ਨਾਲ ਟਰੈਵਲ ਏਜੰਟ ਨੇ ਧੋਖਾ ਕੀਤਾ ਸੀ ਅਤੇ ਉਨ੍ਹਾਂ ਐਸ.ਪੀ.ਐਸ. ਓਬਰਾਏ ਦਾ ਮਨਜੀਤ ਕੁਮਾਰ ਦੀ ਸੁਰੱਖਿਅਤ ਵਾਪਸੀ ਵਿਚ ਅਣਥੱਕ ਯਤਨਾਂ ਲਈ ਵੀ ਧੰਨਵਾਦ ਕੀਤਾ।