Sunday, May 11

ਮੋਹਰੀ ਰੋਲ ਅਦਾ ਕਰਦੇ ਹੋਏ ਡੀ.ਸੀ. ਵੱਲੋਂ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ‘ਤੇ ਫਤਿਹ ਪਾਉਣ ਲਈ ਸਹਿਯੋਗ ਦਾ ਸੱਦਾ

  • ਮਿਸ਼ਨ ਫਤਿਹ ਤਹਿਤ ਜ਼ਮੀਨੀ ਪੱਧਰ ‘ਤੇ ਬਚਾਈਆਂ ਜਾਣ ਲੋਕਾਂ ਦੀਆਂ ਕੀਮਤੀ ਜਾਨਾਂ
  • ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ‘ਤੇ ਨਕੇਲ ਕੱਸਣ ਲਈ ਸਰਗਰਮ ਭੂਮਿਕਾ ਨਿਭਾਈ ਜਾਵੇ

ਲੁਧਿਆਣਾ, (ਸੰਜੇ ਮਿੰਕਾ)- ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਪੇਂਡੂ ਖੇਤਰਾਂ ਨੂੰ ਬਚਾਉਣ ਦੇ ਮੰਤਵ ਨਾਲ  ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਕਰਦਿਆਂ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਨਿੱਜੀ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ‘ਤੇ ਫਤਿਹ ਪਾਉਣ ਲਈ ਪ੍ਰੋਟੋਕਾਲ ਦੀ ਪਾਲਣਾ, ਜਲਦੀ ਜਾਂਚ ਅਤੇ ਟੀਕਾਕਰਨ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਵੱਲੋਂ ਅੱਜ ਪਿੰਡ ਘਲੋਟੀ, ਰਕਬਾ ਅਤੇ ਹੋਰਨਾਂ ਪਿੰਡਾਂ ਵਿਚ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬੀਆਂ ਵਿੱਚ ਔਕੜਾਂ ਭਰੇ ਹਾਲਤਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਅਸੀਮ ਭਾਵਨਾ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਣ, ਜਿਸ ਵਿੱਚ ਮਾਸਕ ਨੂੰ ਸਹੀ ਢੰਗ ਨਾਲ ਪਹਿਨਣਾਂ, 2 ਗਜ ਦੀ ਦੂਰੀ ਨੂੰ ਬਣਾਈ ਰੱਖਣਾ ਅਤੇ ਹਰ ਸਮੇਂ ਹੱਥ ਦੀ ਸਫਾਈ ਤੋਂ ਇਲਾਵਾ ਟੀਕਾਕਰਨ ਕਰਵਾਉਣਾ ਅਤੇ ਮੁੱਢਲੇ ਲੱਛਣ ਪਾਏ ਜਾਣ ‘ਤੇ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਅਤੇ ਇਲਾਜ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਆਪਣਾ ਇਲਾਜ਼ ਖੁ਼ਦ ਨਾ ਕਰਨ ਲਈ ਵੀ ਕਿਹਾ, ਜਿਸ ਨਾਲ ਲਾਗ ਦੀ ਪਛਾਣ ਵਿਚ ਦੇਰੀ ਹੁੰਦੀ ਹੈ ਅਤੇ ਸਿਹਤ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਮਹਾਂਮਾਰੀ ਦੀ ਦੂਸਰੀ ਲਹਿਰ ਨੇ ਪੇਂਡੂ ਖੇਤਰਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ, ਉਸਦੀ ਰੋਕਥਾਮ ਲਈ ਪਿੰਡ ਵਾਸੀਆਂ ਨੂੰ ਠੀਕਰੀ ਪਹਿਰਾ ਲਗਾਉਂਦੇ ਹੋਏ ਖੰਘ, ਜ਼ੁਕਾਮ, ਬੁਖਾਰ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ ਲਈ ਵੀ ਕਿਹਾ ਕਿਉਂਕਿ ਇਹ ਘਾਤਕ ਬਿਮਾਰੀ ਦੀ ਤਾਜ਼ਾ ਲਹਿਰ ‘ਤੇ ਕਾਬੂ ਪਾਉਣ ਲਈ ਅਤਿ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਸਰਪੰਚਾਂ, ਪੰਚਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨੇਸ਼ਨ ਸਬੰਧੀ ਅਫਵਾਹਾਂ ਜਾਂ ਗਲਤ ਜਾਣਕਾਰੀ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ ਕਿਉਂਕਿ ਉਨ੍ਹਾਂ ਦੇ ਯਤਨਾਂ ਨਾਲ ਇਸ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ। ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਨੇ ਕੋਵਿਡ-19 ਦੇ ਲੱਛਣਾਂ,ੇ ਕੋਵਿਡ-19 ਪ੍ਰੋਟੋਕਾਲ ਅਤੇ ਟੀਕਾਕਰਨ ਦੀ   ਮਹੱਤਤਾ ਬਾਰੇ ਇਕੱਠ ਨੂੰ ਵਿਸਥਾਰ ਨਾਲ ਦੱਸਿਆ। ਇਸ ਮੌਕੇ ਪ੍ਰਮੁੱਖ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਹੋਰ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com