Friday, May 9

ਡੀ.ਸੀ. ਤੇ ਸੀ.ਪੀ. ਵੱਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡ ਦੇ ਲੋਕਾਂ ਨੂੰ ਜਲਦ ਟੈਸਟ, ਇਲਾਜ਼ ਤੇ ਵੈਕਸੀਨੇਸ਼ਨ ਲਈ ਪ੍ਰੇਰਿਤ ਕਰਨ ਦੀ ਅਪੀਲ

  • ਸਥਿਤੀ ‘ਤੇ ਨਜ਼ਰ ਬਣਾਈ ਰੱਖਣ ਲਈ 10 ਪਿੰਡਾਂ ਦਾ ਵੱਟਸਐਪ ਗਰੁੱਪ ਬਣਾਉਣ ਲਈ ਵੀ ਕਿਹਾ
  • ਫਲੂ ਵਰਗੇ ਲੱਛਣਾ ਤੋਂ ਸੰਕਰਮਿਤ ਲੋਕਾਂ ਨੂੰ ਪਿੰਡ ‘ਚ ਦਾਖਲ ਹੋਣ ਤੋਂ ਰੋਕਣ ਲਈ ਠੀਕਰੀ ਪਹਿਰੇ ਲਗਾਏ ਜਾਣ
  • ਕੋਵਿਡ-19 ਬਾਰੇ ਪੇਂਡੂ ਖੇਤਰਾਂ ਦੀ ਜਾਗਰੂਕਤਾ ਲਈ ਪਿੰਡ ਮਲਿਕਪੁਰ ਦਾ ਕੀਤਾ ਦੌਰਾ

ਲੁਧਿਆਣਾ, (ਸੰਜੇ ਮਿੰਕਾ)- ਕੋਵਿਡ-19 ਮਰੀਜ਼ਾਂ ਦਾ ਜਲਦ ਪਤਾ ਲਗਾਉਣ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ, ਖ਼ਾਸਕਰ ਪੇਂਡੂ ਖੇਤਰਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਮਾਮਲਿਆਂ ਦੇ ਭਾਰੀ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਪੰਚਾਇਤਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਬੁਖਾਰ, ਫਲੂ ਜਾਂ ਹੋਰ ਕੋਵਿਡ ਦੇ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਸਲਾਹ ਲਈ ਪ੍ਰੇਰਿਤ ਕਰਨ । ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਪਿੰਡ ਮਲਿਕਪੁਰ ਦੇ ਪੰਚਾਇਤ ਮੈਂਬਰਾਂ ਅਤੇ ਹੋਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਸਭ ਤੋਂ ਵੱਡੀ ਤਰਜੀਹ ਮਨੁੱਖੀ ਜਾਨਾਂ ਨੂੰ ਮਹਾਂਮਾਰੀ ਤੋਂ ਬਚਾਉਣਾ ਹੈ ਅਤੇ ਕਿਹਾ ਕਿ ਪੰਚਾਇਤ ਮੁਖੀ ਅਤੇ ਮੈਂਬਰ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਮੁੱਢਲੇ ਲੱਛਣ ਪਾਏ ਜਾਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਦਾ ਸੰਦੇਸ਼ ਦੇਣ। ਅਜਿਹਾ ਕਰਨ ਨਾਲ ਮਰੀਜ਼ ਦਾ ਸਮੇਂ ਸਿਰ ਇਲਾਜ ਸ਼ੁਰੂ ਹੋ ਜਾਵੇਗਾ ਅਤੇ ਜੋ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਲੋਕਾਂ ਨੂੰ ਜੁਕਾਮ, ਖੰਘ, ਬੁਖਾਰ, ਗਲ਼ਾ ਦਰਦ, ਸਰੀਰ ਦਰਦ ਅਤੇ ਹੋਰਾਂ ਸਮੇਤ ਕੋਵਿਡ ਦੇ ਲੱਛਣਾਂ ਬਾਰੇ ਜਾਗਰੂਕ ਕਰਨ ਲਈ ਸਥਾਨਕ ਧਾਰਮਿਕ/ਸਮਾਜਿਕ ਆਗੂਆਂ ਦੀਆਂ ਸੇਵਾਵਾਂ ਲੈਣ ਲਈ ਵੀ ਕਿਹਾ। ਉਨ੍ਹਾਂ ਲੋਕਾਂ ਨੂੰ ਮਹਾਂਮਾਰੀ ਨੂੰ ਹਲਕੇ ‘ਚ ਨਾ ਲੈਣ ਅਤੇ ਡਾਕਟਰਾਂ ਨੂੰ ਕੋਵਿਡ ਲੱਛਣਾਂ ਬਾਰੇ ਤੁਰੰਤ ਸੂਚਿਤ ਕਰਦਿਆਂ ਇਸ ਮਹਾਂਮਾਰੀ ਵਿੱਰੁੱਧ ਲੜਾਈ ਵਿਚ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦੇਣ ਲਈ ਕਿਹਾ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਸਮੇਂ ਦੀ ਲੋੜ ਹੈ, ਜਿਸ ਵਿੱਚ ਮਾਸਕ ਪਾਉਣਾ, ਅਕਸਰ ਹੱਥ ਧੋਣੇ, ਸਮਾਜਕ ਦੂਰੀ ਬਣਾਈ ਰੱਖਣਾ ਅਤੇ ਕੋਵਿਡ ਲੱਛਣ ਪਾਏ ਜਾਣ ‘ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਾਰੇ ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਡਰ ਜਾਂ ਝਿੱਜਕ ਦੇ ਟੀਕਾ ਲਗਵਾਉਣ ਲਈ ਕਿਹਾ ਕਿਉਂਕਿ ਇਹ ਮਹਾਂਮਾਰੀ ਦੀ ਪਸਾਰ ਲੜੀ ਨੂੰ ਤੋੜਨ ਵਿਚ ਸਹਿਯੋਗ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ 10 ਪਿੰਡਾਂ ਦਾ ਇੱਕ ਵੱਟਸਐਪ ਗਰੁੱਪ ਬਣਾਇਆ ਜਾਵੇਗਾ ਜਿਸ ਵਿੱਚ ਸਰਪੰਚ, ਪੰਚ, ਐਸ.ਐਚ.ਓ, ਏ.ਸੀ.ਪੀ. ਅਤੇ ਸਥਾਨਕ ਬੀ.ਡੀ.ਪੀ.ਓ. ਸ਼ਾਮਲ ਹੋਣਗੇ ਜੋ ਟੈਸਟਿੰਗ ਅਤੇ ਟੀਕਾਕਰਨ ਕੈਂਪਾਂ, ਦਵਾਈਆਂ ਅਤੇ ਸਾਵਧਾਨੀਆਂ ਬਾਰੇ ਅਪਡੇਟ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਕੋਵਿਡ ਸੰਕਰਮਿਤ ਵਿਅਕਤੀਆਂ ਦੇ ਦਾਖਲੇ ‘ਤੇ ਰੋਕ ਲਗਾਉਣ ਲਈ ਪਿੰਡ ਵਿੱਚ ਠੀਕਰੀ ਪਹਿਰਾ ਲਾਉਣ ਦੀ ਸ਼ੁਰੂਆਤ ਕੀਤੀ ਜਾਵੇ ਜੋ ਪਿੰਡ ਵਿੱਚ ਬਿਮਾਰੀ ਫੈਲਾ ਸਕਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ ਤਾਂ ਜੋ ਬਿਨਾਂ ਦੇਰੀ ਕੀਤੇ ਉਸ ਨੂੰ ਇਕਾਂਤਵਾਸ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਕੋਲ ਸਰੋਤਾਂ ਅਤੇ ਮਨੁੱਖ ਸ਼ਕਤੀ ਦੀ ਕੋਈ ਘਾਟ ਨਹੀਂ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ, ਨਿਗਮ ਕੌਸ਼ਲਰ ਹਰਕੰਵਲ ਵੈਦ, ਡੀ.ਡੀ.ਪੀ.ਓ ਸ੍ਰੀ ਸੰਜੀਵ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਦੌਰਾਨ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਰਿਸ਼ੀ ਨਗਰ ਦੇ ਨੇੜੇ 25 ਬੈਡਾਂ ਵਾਲੇ ਇਕਾਂਤਵਾਸ ਕੇਂਦਰ ਦਾ ਵੀ ਉਦਘਾਟਨ ਕੀਤਾ।

About Author

Leave A Reply

WP2Social Auto Publish Powered By : XYZScripts.com