- ਇਹ ਪ੍ਰਣਾਲੀ ਵਾਤਾਵਰਣ ਪੱਖੀ, ਕਿਫਾਇਤੀ ਤੇ ਸਮੇਂ ਦੀ ਵੀ ਕਰਦੀ ਹੈ ਬੱਚਤ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਢੋਲੇਵਾਲ ਸ਼ਮਸ਼ਾਨ ਘਾਟ ਵਿੱਚ ਜੀ.ਐਸ.ਟੀ. ਗਰੁੱਪ ਲੁਧਿਆਣਾ ਵੱਲੋਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਨਵੇਂ ਵਿਕਸਤ ਕੀਤੇ ਗੈਸ ਚੈਂਬਰ ਦੇ ਕੰਮਕਾਜ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਜੀ.ਐਸ.ਟੀ. ਗਰੁੱਪ ਦੀ ਫੈਕਟਰੀ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਇਸ ਚੈਂਬਰ ਵਿਚ ਸਟੇਨਲੈਸ ਸਟੀਲ ਦਾ ਢਾਂਚਾ ਹੈ ਜੋ ਉੱਚ ਤਾਪਮਾਨ ਬਰਦਾਸ਼ਤ ਕਰ ਸਕਦਾ ਹੈ। ਇਸ ਗੈਸ ਚੈਂਬਰ ਰਾਹੀਂ ਇਕ ਘੰਟੇ ਦੇ ਅੰਦਰ ਸਸਕਾਰ ਹੋ ਜਾਂਦਾ ਹੈ ਅਤੇ 2 ਐਲ.ਪੀ.ਜੀ. ਸਿਲੰਡਰਾਂ ਦੀ ਵਰਤੋਂ ਨਾਲ 3 ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ। ਸ੍ਰੀ ਸ਼ਰਮਾ ਨੇ ਕਿਹਾ, ਹਾਲਾਂਕਿ ਇਹ ਗੈਸ ਚੈਂਬਰ ਨਾ ਸਿਰਫ ਰਵਾਇਤੀ ਲੱਕੜ ਅਧਾਰਤ ਸ਼ਮਸ਼ਾਨਘਾਟ ਦੇ ਮੁਕਾਬਲੇ ਸਸਤੀ ਹੈ, ਬਲਕਿ ਇਸਦੇ ਰਾਹੀਂ ਸਮੇਂ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਧੀ ਰਾਹੀਂ ਮ੍ਰਿਤਕਾਂ ਦੀਆਂ ਅਸਥੀਆਂ ਵੀ ਸਸਕਾਰ ਤੋਂ ਤੁਰੰਤ ਬਾਅਦ ਇਕੱਤਰ ਕੀਤੀਆਂ ਜਾ ਸਕਦੀਆਂ ਹਨ ਅਤੇ ਹੋਰ ਸਸਕਾਰ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਹ ਗੈਸ ਚੈਂਬਰ ਸਿਸਟਮ ਜੰਗਲਾਂ ਦੀ ਕਟਾਈ ਨੂੰ ਰੋਕਣ ਵਿਚ ਮੱਦਦ ਕਰੇਗਾ ਜੋ ਇਕ ਸਾਲ ਵਿਚ 40 ਲੱਖ ਰੁੱਖਾਂ ਦੀ ਕਟਾਈ ਨੂੰ ਰੋਕ ਸਕਦਾ ਹੈ, ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਇਕ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਇਕ ਰਵਾਇਤੀ ਪ੍ਰਣਾਲੀ ਵਿਚ ਲਗਭਗ 4 ਕੁਇੰਟਲ ਲੱਕੜ ਦੀ ਜ਼ਰੂਰਤ ਪੈਂਦੀ ਹੈ। ਜੀ.ਐਸ.ਟੀ. ਗਰੁੱਪ ਦੇ ਮਾਲਕ ਸ. ਰਣਜੋਧ ਸਿੰਘ ਨੇ ਕਿਹਾ ਕਿ ਅਸੀਂ ਸਿਰਫ ਲਾਗਤ ਦੇ ਹਿਸਾਬ ਨਾਲ ਲੁਧਿਆਣਾ ਅਤੇ ਪੰਜਾਬ ਦੇ ਹੋਰ ਸ਼ਮਸ਼ਾਨਘਾਟਾਂ ਨੂੰ ਐਲ.ਪੀ.ਜੀ. ਗੈਸ ਚੈਂਬਰ ਸਪਲਾਈ ਕਰਾਂਗੇ। ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆ ਐਜੂਕੇਸ਼ਨਲ ਕਾਉਂਸਲ (ਰਜਿਸਟਰਡ), ਜਿਸਦੇ ਉਹ ਮਾਲਕ ਹਨ, ਦੇ ਪ੍ਰਬੰਧਨ ਅਧੀਨ, ਢੋਲੇਵਾਲ ਦੇ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿੱਚ 739 ਕੋਵਿਡ ਸਸਕਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਕੱਲੇ ਮਈ ਮਹੀਨਾ, 2021 ਵਿੱਚ 138 ਕੇਸ ਵੀ ਸ਼ਾਮਲ ਹਨ।