Friday, May 9

ਕੋਵਿਡ-19 ਵਿਰੁੱਧ ਛੇੜੀ ਜੰਗ ਲਈ, ਐਨ.ਜੀ.ਓ. ਵੱਲੋਂ ਪ੍ਰਸ਼ਾਸ਼ਨ ਨੂੰ 5 ਆਕਸੀਜ਼ਨ ਕੰਸਨਟਰੇਟਰ ਤੇ ਪੀ.ਪੀ.ਈ. ਕਿੱਟਾਂ ਸੌਪੀਆਂ

  • ਮਮਤਾ ਆਸ਼ੂ ਨੇ ਕੀਤਾ ਇਸ ਉਪਰਾਲੇ ਦਾ ਸਵਾਗਤ
  • ਕਿਹਾ! ਇਸ ਔਖੀ ਘੜੀ ‘ਚ ਲੋਕਾਂ ਨੂੰ ਹਰ ਸੰਭਵ ਸਿਹਤ ਸਹੂਲਤਾਂ ਕਰਵਾਈਆਂ ਜਾਣਗੀਆਂ ਮੁਹੱਈਆ

ਲੁਧਿਆਣਾ, (ਸੰਜੇ ਮਿੰਕਾ, ਅਰੁਣ ਜੈਨ) – ਪ੍ਰਸ਼ਾਸਨ ਦੇ ਸਹਿਯੋਗ ਲਈ ਮੋਢੇ ਨਾਲ ਮੋਢਾ ਜੋੜਦੇ ਹੋਏ, ਇਕ ਸਥਾਨਕ ‘ਨਿਸ਼ਕਾਮ ਰਾਸ਼ਨ ਸੇਵਾ’ ਐਨ.ਜੀ.ਓ ਵੱਲੋਂ ਅੱਜ ਸਥਾਨਕ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸਥਾਪਿਤ ਕੋਵਿਡ ਕੇਅਰ ਸੈਂਟਰ ਵਿਖੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੂੰ 5 ਆਕਸੀਜਨ ਕੰਸਨਟਰੇਟਰ ਅਤੇ ਪ੍ਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ (ਪੀ.ਪੀ.ਈ.) ਕਿੱਟਾਂ ਸੌਂਪੀਆਂ। ਇਸ ਮੌਕੇ ਐਸ.ਐਸ.ਪੀ. ਵਿਜੀਲੈਂਸ ਬਿਊਰੋ ਸ. ਰੁਪਿੰਦਰ ਸਿੰਘ, ਨਿਗਮ ਕੌਂਸਲਰ ਸ੍ਰੀ ਸੰਨੀ ਭੱਲਾ, ਐਸ.ਡੀ.ਐਮ. ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਉਪਰਾਲੇ ਦਾ ਸਵਾਗਤ ਕਰਦਿਆਂ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਇਹ ਮਹਾਨ ਸੇਵਾ ਹੈ ਕਿਉਂਕਿ ਇਸ ਮਹਾਂਮਾਰੀ ਵਿਰੁੱਧ ਛੇੜੀ ਜੰਗ ਲਈ ਇੱਕ-ਇੱਕ ਵਿਅਕਤੀ ਵੱਲੋਂ ਪਾਇਆ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਦੇ ਸਰਗਰਮ ਸਮਰਥਨ ਅਤੇ ਸਹਿਯੋਗ ਨਾਲ ਕੋਵਿਡ-19 ਵਿਰੁੱਧ ਜੰਗ ਜਿੱਤੀ ਜਾਵੇਗੀ। ਉਨ੍ਹਾਂ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਭਲਾਈ ਲਈ ਐਨ.ਜੀ.ਓਜ਼ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰ ਅਤੇ ਪੀ.ਪੀ.ਈ. ਕਿੱਟਾਂ ਕੋਵਿਡ ਕੇਅਰ ਸੈਂਟਰ ਵਿੱਚ ਮਰੀਜ਼ਾਂ ਅਤੇ ਡਿਊਟੀ ‘ਤੇ ਤਾਇਨਾਤ ਫਰੰਟਲਾਈਨ ਸਟਾਫ ਲਈ ਬਹੁਤ ਮੱਦਦਗਾਰ ਹਨ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਉਪਕਰਣ ਆਕਸੀਜਨ ਸਿਲੰਡਰਾਂ ‘ਤੇ ਨਿਰਭਰਤਾ ਨੂੰ ਘਟਾਉਣਗੇ ਕਿਉਂਕਿ ਇਹ ਵਾਤਾਵਰਣ ਦੀ ਹਵਾ ਨੂੰ ਆਪਣੇ ਅੰਦਰ ਖਿੱਚ ਕੇ ਫਿਲਟਰ ਕਰਨ ਤੋਂ ਬਾਅਦ ਆਕਸੀਜਨ ਤਿਆਰ ਕਰਦੇ ਹਨ। ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਦੂਜੀ ਲਹਿਰ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਪ੍ਰਸ਼ਾਸਨ ਪੂਰੀ ਤਿਆਰੀ ਵਿੱਚ ਹੈੈ ਅਤੇ ਇਹ ਵੀ ਕਿਹਾ ਕਿ ਇਸ ਨੇਕ ਕੰਮ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਅਤੇ ਫਰੰਟਲਾਈਨ ਕਰਮਚਾਰੀ ਜ਼ਿਲੇ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਮਿਸਾਲੀ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਇਨ੍ਹਾਂ ਵੱਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

About Author

Leave A Reply

WP2Social Auto Publish Powered By : XYZScripts.com