Saturday, May 10

ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਦੇ ਪੋਲਟਰੀ ਫਾਰਮ ‘ਚ ਸੰਕਰਮਿਤ ਮੁਰਗੇ-ਮੁਰਗੀਆਂ ਨੂੰ ਮਾਰਨ ਲਈ ਕਮੇਟੀ ਦਾ ਗਠਨ

  • ਭੋਪਾਲ ਨੈਸ਼ਨਲ ਲੈਬ ਨੇ ਸੂਬਾ ਸਿੰਘ ਪੋਲਟਰੀ ਫਾਰਮ ‘ਚ ਬਰਡ ਫਲੂ ਦੀ ਕੀਤੀ ਪੁਸ਼ਟੀ
  • ਏ.ਡੀ.ਸੀ. ਖੰਨਾ ਦੀ ਅਗਵਾਈ ਵਾਲੀ ਕਮੇਟੀ ਨੇ ਪੋਲਟਰੀ ਫਾਰਮ ਦੇ ਬਾਹਰਲੇ ਹਾਲਾਤਾਂ ਦਾ ਲਿਆ ਜਾਇਜ਼ਾ

ਲੁਧਿਆਣਾ, (ਸੰਜੇ ਮਿੰਕਾ) – ਨੈਸ਼ਨਲ ਇੰਸਟੀਚਿਊਟ ਆਫ਼ ਹਾਈ-ਸਿਕਿਓਰਿਟੀ ਐਨੀਮਲ ਡਿਜੀਜ, ਭੋਪਾਲ ਵੱਲੋਂ ਸ਼ੁੱਕਰਵਾਰ ਨੂੰ ਕਿਲ੍ਹਾ ਰਾਏਪੁਰ ਵਿਖੇ ਸੂਬਾ ਸਿੰਘ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਦੇ ਨਮੂਨਿਆਂ ਵਿੱਚ ਏਵੀਅਨ ਫਲੂ ਹੋਣ ਦੀ ਪੁਸ਼ਟੀ ਤੋਂ ਬਾਅਦ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੋਲਟਰੀ ਮੁਰਗੇ-ਮੁਰਗੀਆਂ ਨੂੰ ਮਾਰਨ ਅਤੇ ਬਿਮਾਰੀ ਦੀ ਜਲਦ ਰੋਕਥਾਮ ਅਤੇ ਨਿਗਰਾਨੀ ਲਈ ਇੱਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਵਿੱਚ ਏਵੀਅਨ ਫਲੂ ਦੇ ਫੈਲਣ ਬਾਰੇ ਸੂਚਿਤ ਕੀਤਾ ਹੈ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਕਰਕੇ ਅੱਗੇ ਫੈਲਣ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ. ਸਕੱਤਰ ਸਿੰਘ ਬੱਲ ਇਸ ਪੈਨਲ ਦੇ ਚੇਅਰਮੈਨ ਹੋਣਗੇ ਅਤੇ ਐਸ.ਡੀ.ਐਮ. ਪਾਇਲ ਸ. ਮਨਕੰਵਲ ਸਿੰਘ ਚਾਹਲ, ਏ.ਡੀ.ਸੀ.ਪੀ. ਸ. ਜਸਕਿਰਨਜੀਤ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ.ਡੀ.ਪੀ.ਓ ਡੇਹਲੋਂ, ਮੰਡਲ ਜੰਗਲਾਤ ਅਧਿਕਾਰੀ, ਐਸ.ਐਮ.ਓ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਤੇ ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ. ਸ੍ਰੀ ਆਦੇਸ਼ ਗੁਪਤਾ ਇਸ ਕੰਮ ਨੂੰ ਸੁਵਿਧਾਜਨਕ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਪੋਲਟਰੀ ਫਾਰਮ ਵਿੱਚ ਬਿਮਾਰੀ ਦਾ ਕੇਂਦਰ 0-1 ਕਿਲੋਮੀਟਰ ਦਾ ਏਰੀਆ ਇੱਕ ਸੰਕਰਮਿਤ ਜ਼ੋਨ ਵਜੋਂ ਘੋਸ਼ਿਤ ਕੀਤਾ ਗਿਆ ਹੈ ਅਤੇ ਪੋਲਟਰੀ ਫਾਰਮ ਦੇ ਆਲੇ ਦੁਆਲੇ 0-10 ਕਿਲੋਮੀਟਰ ਰਕਬੇ ਨੂੰ ਨਿਗਰਾਨੀ ਜ਼ੋਨ ਵਜੋਂ ਮੰਨਿਆ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਏਗੀ ਕਿ ਕੋਈ ਵੀ ਜਿੰਦਾ/ਮਰੇ ਹੋਏ ਮੁਰਗੇ-ਮੁਰਗੀਆਂ, ਬਿਨਾਂ ਪ੍ਰੋਸੈਸ ਕੀਤਾ ਪੋਲਟਰੀ ਮੀਟ, ਆਂਡੇ, ਫੀਡ ਜਾਂ ਕੋਈ ਵੀ ਪਦਾਰਥ/ਸਮਾਨ ਨੂੰ ਪੋਲਟਰੀ ਫਾਰਮ ਵਿੱਚੋਂ ਬਾਹਰ ਜਾਂ ਅੰਦਰ ਨਾ ਲਿਜਾਣ ਦਿੱਤਾ ਜਾਵੇ। ਇਸ ਤੋਂ ਇਲਾਵਾ ਕੋਈ ਵੀ ਪੋਲਟਰੀ ਫਾਰਮ ਦਾ ਵਿਅਕਤੀ ਸੰਕਰਮਿਤ ਜੋਨ ਵਿੱਚੋਂ ਕਿਸੇ ਵੀ ਉਤਪਾਦ ਨੂੰ ਬਾਜਾਰ ਵਿੱਚ ਨਹੀਂ ਲਿਜਾ ਸਕਦਾ। ਉਨ੍ਹਾਂ ਕਿਹਾ ਕਿ ਸੰਕ੍ਰਮਿਤ ਖੇਤਰ ਵਿੱਚ ਮਾਹਰਾਂ ਦੀ ਟੀਮ ਵੱਲੋਂ ਸਹੀ ਢੰਗ ਨਾਲ ਕਿੱਟਾਂ ਪਹਿਨਣ ਜਾਂ ਹੋਰ ਲਾਜ਼ਮੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਹੋਰ ਨਮੂਨੇ ਵੀ ਲਏ ਜਾਣਗੇ। ਇਸ ਮੌਕੇ ਏ.ਡੀ.ਸੀ. ਖੰਨਾ ਸ. ਸਕੱਤਰ ਸਿੰਘ ਬੱਲ ਦੀ ਅਗਵਾਈ ਵਾਲੀ ਕਮੇਟੀ ਨੇ ਪੋਲਟਰੀ ਫਾਰਮ ਦੇ ਬਾਹਰਲੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਮੇਟੀ ਮੈਂਬਰਾਂ ਨੂੰ ਅਗਲੇ ਦਿਨਾਂ ਵਿੱਚ ਪੰਛੀਆਂ ਦੇ ਖਾਤਮੇ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਪ੍ਰਕ੍ਰਿਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮੇਟੀ ਮੈਂਬਰਾਂ ਨੂੰ ਸਪੱਸ਼ਟ ਕੀਤਾ।

About Author

Leave A Reply

WP2Social Auto Publish Powered By : XYZScripts.com