Friday, May 9

ਕੋਵਿਡ 19 ਦੇ ਚਲਦਿਆਂ ਈ-ਸੰਜੀਵਨੀ ਓ.ਪੀ.ਡੀ. ਦਾ ਲਾਭ ਉਠਾਇਆ ਜਾਵੇ- ਡਾ. ਕਿਰਨ ਆਹਲੂਵਾਲੀਆ

ਲੁਧਿਆਣਾ, (ਸੰਜੇ ਮਿੰਕਾ)- ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੀ ਟੀਮ ਵੱਲੋਂ ਅੱਜ ਸਿਵਲ ਹਸਪਤਾਲ ਲੁਧਿਆਣਾ ਦੀ ਓ.ਪੀ.ਡੀ. ਅਤੇ ਸ਼ਹਿਰ ਦੇ ਵੱਖ-ਵੱਖ ਭੀੜ ਵਾਲੇ ਇਲਾਕਿਆਂ ਵਿਚ ਜਾ ਕੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜਰ ਏਕੀਕ੍ਰਿਤ ਟੈਲੀਮੈਡੀਸਨ ਸ਼ਲਿਊਸ਼ਨ ਈ-ਸਜੀਵਨੀ ਆਨਲਾਈਨ ਓ.ਪੀ.ਡੀ. ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਹਾਜਰ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਸਿਵਲ ਸਰਜਨ ਡਾ.ਕਿਰਨ ਆਹਲੂਵਾਲੀਆ ਨੇ ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ-ਸੰਜੀਵਨੀ ਓ.ਪੀ.ਡੀ. ਸੇਵਾ ਤਹਿਤ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਰਾਹੀਂ ਵੱਖ ਵੱਖ ਥਾਵਾਂ ਤੋਂ ਮਰੀਜ਼ਾਂ ਵੱਲੋਂ ਆਪਣੀ ਬਿਮਾਰੀ ਬਾਰੇ ਜਾਣਕਾਰੀ ਦੇ ਕੇ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਲਾਹ ਮਸ਼ਵਰਾ ਲਿਆ ਜਾਂਦਾ ਹੈ । ਉਨਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਮਰੀਜ਼ ਦੀ ਬਿਮਾਰੀ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸੰਤੁਲਿਤ ਭੋਜਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ। ਉਨਾਂ ਨੇ ਦੱਸਿਆ ਕਿ ਇਹ ਓ.ਪੀ.ਡੀ. ਦੀ ਸੇਵਾ ਮੋਬਾਈਲ ਫੋਨ ਤੇ ਈ ਸੰਜੀਵਨੀ ਐਪ ਡਾਊਨ ਲੋਡ ਕਰਕੇ ਵੀ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਮੁਫਤ ਮੈਡੀਕਲ ਸਲਾਹ ਮਸਵਰਾ ਕਰਨ ਲਈ ਇਸ ਓ.ਪੀ.ਡੀ.ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਦਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਸ਼ਨਿਚਰਵਾਰ ਤਕ ਮਿਲਣ ਵਾਲੀ ਇਹ ਸਹੂਲਤ ਗਰਭਵਤੀ ਔਰਤਾਂ, ਬਜੁਰਗਾਂ, ਘਾਤਕ ਬਿਮਾਰੀ ਦੇ ਮਰੀਜਾਂ, ਸਹਿ ਰੋਗਾਂ ਵਾਲੇ ਮਰੀਜਾਂ ਅਤੇ ਡਿਪ੍ਰੈਸ਼ਨ ਨਾਲ ਜੂਝ ਰਹੇ ਮਰੀਜਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ। ਉਨਾਂ ਨੇ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ www.esanjeevaniopd.in ਤੇ ਲਾਗ ਇਨ ਕਰਨਾ ਹੋਵੇਗਾ, ਉਸ ਤੋਂ ਬਾਅਦ ਰਜਿਸਟ੍ਰੇਸ਼ਨ ਆਪਸ਼ਨ ਤੇ ਜਾ ਕੇ ਮਰੀਜ਼ ਨੂੰ ਆਪਣੀ ਜਾਣਕਾਰੀ ਤੇ ਫੋਨ ਨੰਬਰ ਦਰਜ ਕਰਵਾਉਣਾ ਹੁੰਦਾ ਹੈ। ਮਰੀਜ਼ ਦੇ ਫੋਨ ਨੰਬਰ ਤੇ ਇਕ ਓ ਟੀ ਪੀ ਜਰਨੇਟ ਹੋਏਗਾ ਜਿਸ ਨੂੰ ਭਰਨਾ ਹੋਏਗਾ। ਉਨਾਂ ਨੇ ਦੱਸਿਆ ਕਿ ਮਰੀਜ਼ ਨੂੰ ਮਿਲੇ ਟੋਕਨ ਨੰਬਰ ਦੇ ਹਿਸਾਬ ਨਾਲ ਡਾਕਟਰੀ ਸਲਾਹ ਪ੍ਰਾਪਤ ਹੋਵੇਗੀ ਤੇ ਮਰੀਜ਼ ਨੂੰ ਈ ਪ੍ਰੀਸਕ੍ਰਿਪਸ਼ਨ ਭੇਜੀ ਜਾਵੇਗੀ ਜਿਸ ਨੂੰ ਡਾਊਨਲੋਡ ਕਰਕੇ ਉਹ ਕੈਮਿਸਟ ਤੋਂ ਦਵਾਈ ਪ੍ਰਾਪਤ ਕਰ ਸਕਦਾ ਹੈ। ਉਨਾਂ ਨੇ ਲੋਕਾਂ ਨੂੰ ਕੋਵਿਡ -19 ਦੇ ਮੱਦੇਨਜਰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਉਹ ਇਸ ਮਹਾਂਮਾਰੀ ਦੇ ਦੌਰ ਵਿਚ ਮੈਡੀਕਲ ਸਲਾਹ ਲੈਣ ਲਈ ਹਸਪਤਾਲ ਵਿਚ ਨਾ ਆਉਣ ਅਤੇ ਕੋਵਿਡ ਦੀ ਚੇਨ ਤੋੜਨ ਵਿਚ ਆਪਣਾ ਯੋਗਦਾਨ ਪਾਉਣ ।

About Author

Leave A Reply

WP2Social Auto Publish Powered By : XYZScripts.com