- ਆਸ਼ੂ, ਵਿਧਾਇਕ, ਮੇਅਰ, ਡੀ.ਸੀ. ਤੇ ਸੀ.ਪੀ. ਨੇ ਕਿਹਾ ਅਸੀਂ ਸਾਰੇ ਮਿਲ ਕੇ ਇਸ ਮਹਾਂਮਾਰੀ ਦੇ ਵਿਰੁੱੱਧ ਜੰਗ ਜਿੱਤ ਸਕਦੇ ਹਾਂ
ਲੁਧਿਆਣਾ (ਸੰਜੇ ਮਿੰਕਾ) -ਵਿਖੇ ਕੋਵਿਡ ਦੀ ਮੌਜੂਦਾ ਸਥਿਤੀ ਨੂੰ ਭਿਆਨਕ ਦਸਦਿਆਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਇਸ ਸਮੇਂ ਸਾਡੇ ਲਈ ਸੱਭ ਤੋਂ ਵੱਧ ਮਹੱਤਵਪੂਰਨ ਹੈ ਲੋਕਾਂ ਦੀ ਜਾਨ ਬਚਾਉਣਾ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇੇ ਇਸ ਔਖੀ ਘੜੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕੈਬਨਿਟ ਮੰਤਰੀ ਵੱਲੋਂ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਉਦਯੋਗਪਤੀਆਂ ਅਤੇ ਵਪਾਰੀਆਂ, ਟਰਾਂਸਪੋਰਟਰਾਂ, ਫਰਨੀਚਰ, ਟ੍ਰਾਂਸਪੋਰਟ, ਕਪੜੇ, ਮੋਬਾਈਲ, ਗਹਿਣਿਆਂ, ਰੈਸਟੋਰੈਂਟਾਂ ਅਤੇ ਹੋਟਲ ਆਦਿ ਨਾਲ ਕਿਹਾ ਕਿ ਬਿਨਾਂ ਸ਼ੱਕ ਦੁਕਾਨਾਂ/ਕਾਰੋਬਾਰਾਂ ਨੂੰ ਬੰਦ ਕਰਨ ਨਾਲ ਆਰਥਿਕ ਤੌਰ ‘ਤੇ ਠੇਸ ਪਹੁੰਚਦੀ ਹੈ ਅਤੇ ਭਾਰੀ ਸੱਟ ਵੱਜਦੀ ਹੈ ਪਰ ਗੰਭੀਰ ਹਾਲਾਤਾਂ ਨੂੰ ਦੇਖਦਿਆਂ ਕੋਵਿਡ-19 ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਤੋਂ ਜਲਦ ਸਖ਼ਤ ਪਾਬੰਦੀਆਂ ਲਾਉਣ ਦੀ ਲੋੜ ਹੈ। ਉਨ੍ਹਾਂ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਇੱਕ ਸਮੂਹਿਕ ਲੜਾਈ ਲੜਨ ਲਈ ਸੱਦਾ ਦਿੱਤਾ ਕਿਉਂਕਿ ਪਰਿਵਾਰ ਆਪਣੇ ਘਰ ਦੀ ਰੋਜ਼ੀ-ਰੋਟੀ ਚਲਾਉਣ ਵਾਲੇ/ਨੌਜਵਾਨ ਮੈਂਬਰਾਂ ਨੂੰ ਗੁਆ ਰਹੇ ਹਨ ਅਤੇ ਕੋਵਿਡ ਦੀ ਦੂਸਰੀ ਲਹਿਰ ਪਹਿਲੀ ਨਾਲੋਂ ਜ਼ਿਆਦਾ ਘਾਤਕ ਹੈ। ਮੰਤਰੀ ਨੇ ਦੱਸਿਆ ਕਿ ਹਸਪਤਾਲਾਂ ਵਿਚ ਲਗਭੱਗ ਸਾਰੇ ਲੈਵਲ-3 ਅਤੇ ਲੈਵਲ-2 ਦੇ ਬੈਡ ਭਰ ਚੁੱਕੇ ਹਨ ਅਤੇ ਲੁਧਿਆਣਾ ਵਿਚ ਕੋਵਿਡ ਮਰੀਜ਼ਾਂ ਦੇ ਲਗਾਤਾਰ ਵਾਧੇ ਕਾਰਨ ਸਿਹਤ ਬੁਨਿਆਦੀ ਢਾਂਚੇ ਵਿਚ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਕਾਰਜ਼ਸੀਲ ਹੈ ਕਿ ਮਰੀਜ਼ਾਂ ਦੇ ਸਰਬੋਤਮ ਇਲਾਜ ਲਈ ਵੱਖ-ਵੱਖ ਥਾਂਵਾਂ ‘ਤੇ ਹੋਰ ਬੈਡ ਤਿਆਰ ਕੀਤੇ ਜਾਣ। ਸ੍ਰੀ ਆਸ਼ੂ ਨੇ ਸੰਕਰਮਣ ਦੇ ਹੋਰ ਫੈਲਣ ਨੂੰ ਰੋਕਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਕਿਉਂਕਿ ਹਾਲਾਤ ਚਿੰਤਾਜਨਕ ਅਵਸਥਾ ‘ਤੇ ਪਹੁੰਚਣ ਦੇ ਬਾਵਜੂਦ ਅਜੇ ਕੁਝ ਲੋਕ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸਿਹਤ ਸੰਭਾਲ ਅਤੇ ਹੋਰ ਫਰੰਟ ਲਾਈਨ ਫੋਰਸ ਦੇ ਤਣਾਅ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਵੱਖ-ਵੱਖ ਐਸੋਸੀਏਸ਼ਨਾਂ ਦੇ ਸਾਰੇ ਨੁਮਾਇੰਦਿਆਂ ਨੂੰ ਮਿਲ ਕੇ ਕੰਮ ਕਰਨ ਅਤੇ ਇਸ ਵਾਇਰਸ ਦੀ ਰੋਕਥਾਮ ਲਈ ਪ੍ਰੇਰਿਤ ਕੀਤਾ।