Friday, May 9

ਜੀ.ਸੀ.ਜੀ. ਲੁਧਿਆਣਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ) – ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਡਾਇਰੈਕਟਰ, ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਹੁਕਮਾਂ ਅਨੁਸਾਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਸੰਸਥਾ ਦੇ ਪ੍ਰਿੰਸੀਪਲ, ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ. ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਮਨੁੱਖੀ ਜੀਵਨ ਦੇ ਸੱਚ ਵਿਸ਼ੇ ਤੇ ਆਯੋਜਿਤ ਵੈਬੀਨਾਰ ਵਿੱਚ ਸ਼੍ਰੀਮਤੀ ਪ੍ਰਭਜੋਤ ਕੌਰ (ਸਾਬਕਾ ਪ੍ਰਿੰਸੀਪਲ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ), ਡਾ. ਸਰਬਜੋਤ ਕੌਰ (ਰਿਟਾ. ਮੁਖੀ ਪੰਜਾਬੀ ਵਿਭਾਗ) ਅਤੇ ਡਾ. ਬਲਵਿੰਦਰ ਪਾਲ ਸਿੰਘ ਨੇ ਬਤੌਰ ਪ੍ਰਵਕਤਾ ਸ਼ਿਰਕਤ ਕੀਤੀ।ਵੈਬੀਨਾਰ ਦਾ ਆਰੰਭ ਡਾ. ਸ਼ਰਨਜੀਤ ਕੌਰ ਪਰਮਾਰ (ਮੁਖੀ ਪੰਜਾਬੀ ਵਿਭਾਗ) ਨੇ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਅੱਜ ਦੇ ਪ੍ਰਵਕਤਾ ਆਪਣੇ ਵਿਸ਼ਿਆ ਵਿੱਚ ਸਫਲ, ਤਜਰਬੇਕਾਰ ਹਨ, ਉਹਨਾਂ ਨੇ ਗੁਰਬਾਣੀ ਦੇ ਸਿਧਾਤਾਂ ਨੂੰ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਅਪਣਾਇਆ ਹੈ। ਕਰੋਨਾ ਸੰਕਟ ਵਿੱਚ ਸਾਨੂੰ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਣ ਲਈ ਕਿਹਾ। ਵੈਬੀਨਾਰ ਦੇ ਪ੍ਰਵਕਤਾ ਡਾ. ਸਰਬਜੋਤ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਸਿਰਫ ਹਿੰਦ ਦੀ ਚਾਦਰ ਨਹੀਂ ਸਗੋ ਸਗਲ ਸ੍ਰਿਸ਼ਟੀ ਦੀ ਚਾਦਰ ਨੇ, ਗੁਰੂ ਜੀ ਨੇ ਆਪਣਾ ਆਪਾ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ। ਗੁਰੂ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਮਨੁੱਖ ਹੈ ਤੇ ਮਨੁੱਖ ਦੀ ਅੰਦਰਲੀ ਸੋਚ ਅਤੇ ਬਾਹਰਲੀ ਸੋਚ ਨੂੰ ਬਿਆਨ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਕੁਝ ਵੀ ਸਥਿਰ ਨਹੀ ਹੈ, ਸਭ ਕੁਝ ਨਾਸ਼ਵਾਨ ਹੈ, ਪੈਸੇ ਦੀ ਪ੍ਰਧਾਨਤਾ ਹੈ, ਜਿਸ ਕਾਰਨ ਲੋਕ ਵਿਕਾਰਾਂ ਵਿੱਚ ਫਸੇ ਹੋਏ ਹਨ ਅਤੇ ਪੈਸੇ ਦੇ ਗੁਲਾਮ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਦੇ ਸਹਾਰੇ ਇਨ੍ਹਾਂ ਵਿਕਾਰਾ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ। ਡਾ. ਬਲਵਿਦੰਰਪਾਲ ਸਿੰਘ ਨੇ ਵੀ ਗੁਰੂ ਜੀ ਦੀ ਬਾਣੀ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਨੇ ਖੁਦ ਦੀ ਪੜਚੋਲ ਕਰਨ, ਸੰਸਾਰਕ ਨਾਸ਼ ਵਾਨਤਾ, ਚੰਗੀ ਸੰਗਤ ਕਰਨ ਅਤੇ ਜੀਵਨ ਵਿੱਚ ਨਵੇਂ ਮਿਆਰ ਸਥਾਪਿਤ ਕਰਨ ਦੀ ਪ੍ਰੇਰਨਾ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਪੰਜਾਬੀ ਵਿਭਾਗ ਵੱਲੋ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਉੱਦਮ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਮਿਸ ਸ਼ਰਨਜੀਤ ਕੌਰ ਪਰਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com