Friday, June 27

ਕੋਵਿਡ ਸਸਕਾਰ ਪ੍ਰਬੰਧਨ ਸੈੱਲ ਲਗਾਤਾਰ ਕਾਰਜਸ਼ੀਲ ਹੈ – ਕਮਿਸ਼ਨਰ ਐਮ.ਸੀ.ਐਲ. ਪ੍ਰਦੀਪ ਕੁਮਾਰ ਸੱਭਰਵਾਲ

ਲੁਧਿਆਣਾ,(ਸੰਜੇ ਮਿੰਕਾ) – ਇਹ ਸੁਨਿਸ਼ਚਿਤ ਕਰਨ ਲਈ ਕਿ ਨਾਗਰਿਕਾਂ ਨੂੰ ਕੋਵਿਡ-19 ਮਹਾਂਮਾਰੀ ਨਾਲ ਅਕਾਲ ਚਲਾਣਾ ਕਰ ਗਏ ਆਪਣੇ ਸਗੇ-ਸਬੰਧੀਆਂ ਦਾ ਅੰਤਿਮ ਸਸਕਾਰ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਥਾਪਿਤ ਕੀਤਾ ਇਕ ਵਿਸ਼ੇਸ਼ ਸੈੱਲ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਸ਼ਮਸ਼ਾਨਘਾਟ/ਕਬਰਿਸਤਾਨ ‘ਤੇ ਮ੍ਰਿਤਕ ਦੇਹਾਂ ਨੂੰ ਲਿਜਾਣ ਲਈ ਵਾਹਨਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਨਗਰ ਨਿਗਮ ਦੀਆਂ ਟੀਮਾਂ ਦੁਆਰਾ ਸਾਰੇ ਸ਼ਮਸ਼ਾਨ ਘਾਟ ਵੀ ਸੈਨੀਟਾਈਜ਼ ਕੀਤੇ ਜਾ ਰਹੇ ਹਨ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨੋਡਲ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਸ਼ਮਸ਼ਾਨ ਘਾਟ ‘ਤੇ ਲੱਕੜ, ਐਲ.ਪੀ.ਜੀ., ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਲਈ ਹੋਰ ਵਿਭਾਗਾਂ ਨਾਲ ਤਾਲਮੇਲ ਕਰ ਰਹੇ ਹਨ। ਨਾਲ ਹੀ ਗੈਰ ਸਰਕਾਰੀ ਸੰਗਠਨਾਂ ਵੱਲੋਂ ਪੀ.ਪੀ.ਈ. ਕਿੱਟਾਂ ਆਦਿ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਲੋੜ ਪਈ ਤਾਂ ਕੋਵਿਡ ਪੀੜਤ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਹੋਰ ਸ਼ਮਸ਼ਾਨਘਾਟ ਵੀ ਸ਼ਾਮਲ ਕੀਤੇ ਜਾਣਗੇ। ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਵੀਰਵਾਰ ਨੂੰ ਲੁਧਿਆਣਾ ਵਿੱਚ ਕੋਵਿਡ-19 ਪੀੜਤਾਂ ਦੀਆਂ ਲਾਸ਼ਾਂ ਦੇ ਪ੍ਰਬੰਧਨ ਲਈ ਇੱਕ ਮਿਆਰੀ ਆਪਰੇਟਿੰਗ ਪ੍ਰਕਿਰਿਆ (ਐਸ.ਓ.ਪੀ) ਦਸਤਾਵੇਜ਼ ਜਾਰੀ ਕੀਤੇ ਸੀ। ਐਸ.ਓ.ਪੀ. ਦੇ ਅਨੁਸਾਰ, ਭਗਵਾਨ ਮਹਾਵੀਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਕ ਕੋਵਿਡ ਸਸਕਾਰ ਪ੍ਰਬੰਧਨ ਸੈੱਲ ਬਣਾਇਆ ਗਿਆ ਹੈ ਜੋ ਕਿ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਦੀ ਨਿਗਰਾਨੀ ਹੇਠ ਕੰਮ ਕਰ ਰਿਹਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਆਉਣ ‘ਤੇ ਕੋਈ ਵੀ ਸ਼ਮਸ਼ਾਨਘਾਟ ਦੇ ਹੈਲਪਲਾਈਨ ਨੰਬਰ 95015-00101, 77197-12797 ਅਤੇ 95015-00102 ‘ਤੇ ਸੰਪਰਕ ਕਰ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com