- ਲੋਕ ਆਪਣੀ ਨੈਤਿਕ ਜਿੰਮੇਵਾਰੀ ਨਿਭਾਉਂਦੇ ਹੋਏ, ਸਿਹਤ ਕਾਮਿਆਂ ਦੇ ਤਣਾਅ ਨੂੰ ਘੱਟ ਕਰਨ
ਲੁਧਿਆਣਾ, (ਸੰਜੇ ਮਿੰਕਾ) – ਗੰਭੀਰਤਾ ਨਾਲ ਦੱਸਦਿਆਂ ਕਿ ਸਿਹਤ ਸੰਭਾਲ ਪ੍ਰਣਾਲੀ ਪਹਿਲਾਂ ਹੀ ਕੋਵਿਡ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਕਾਰਨ ਝੂਜ ਰਹੀ ਹੈ, ਵਿਸ਼ੇਸ਼ ਤੌਰ ‘ਤੇ ਲੈਵਲ-3 ਦੇ ਮਰੀਜ਼ਾਂ ਕਰਕੇ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਆਉਣ ਵਾਲੇ 14 ਦਿਨਾਂ ਲਈ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੂਜੀ ਲਹਿਰ ‘ਤੇ ਕਾਬੂ ਪਾਇਆ ਜਾ ਸਕਦਾ ਹੈ ਜੋਕਿ ਪਹਿਲੇ ਲਹਿਰ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਡੀ.ਪੀ.ਆਰ.ਓ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਨਾਸ਼ਕਾਰੀ ਕੋਵਿਡ-19 ਦੀ ਦੂਜੀ ਲਹਿਰ ਦੇਸ਼ ਭਰ ਵਿਚ ਕੋਹਰਾਮ ਮਚਾ ਰਹੀ ਹੈ, ਇਸਨੇ ਲੁਧਿਆਣਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲੈਵਲ-3 ਦੇ ਮਰੀਜ਼ ਜਿਨ੍ਹਾਂ ਨੂੰ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਂਦੀ ਹੈ ਹੋਰਨਾਂ ਸੂਬਿਆਂ ਤੋਂ ਅਚਾਨਕ ਆਮਦ ਵਧੀ ਹੈ ਜਿਸ ਵਿੱਚ ਐਨ.ਸੀ.ਆਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਸਮੇਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਰੋਜ਼ ਲੁਧਿਆਣਾ ਦੇ ਹਸਪਤਾਲਾਂ ਨੂੰ 3600 ਆਕਸੀਜਨ ਸਿਲੰਡਰ ਸਪਲਾਈ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਿਸਟਮ ਦੀਂ ਆਪਣੀਂ-ਆਪਣੀ ਸੀਮਾ ਹੁੰਦੀ ਹੈ ਅਤੇ ਜੇ ਲੋਕ ਕੋਵਿਡ ਪ੍ਰੋਟੋਕੋਲ ਪ੍ਰਤੀ ਅਣਗਹਿਲੀ ਕਰਦੇ ਰਹਿਣਗੇ ਤਾਂ ਇਥੇ ਵੀ ਦਿੱਲੀ ਅਤੇ ਮੁੰਬਈ ਵਰਗੇ ਹਾਲਾਤ ਪੈਦਾ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਕਿਨਾਰੇ ‘ਤੇ ਬੈਠੇ ਹਾਂ ਅਤੇ ਇਥੇ ਰੋਜ਼ਾਨਾ 13-14 ਮੌਤਾਂ ਦੀ ਰਿਪੋਰਟ ਦੇ ਨਾਲ ਸਥਿਤੀ ਪਹਿਲਾਂ ਹੀ ਗੰਭੀਰ ਬਣੀ ਹੋਈ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਅਗਲੇ ਦੋ ਹਫ਼ਤਿਆਂ ਲਈ ਘਰ ਦੇ ਅੰਦਰ ਰਹਿ ਕੇ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਿਹਤ ਸੰਭਾਲ ਅਤੇ ਹੋਰ ਫਰੰਟਲਾਈਨ ਫੋਰਸ ਦੀਆਂ ਪਰੇਸ਼ਾਨੀਆਂ ਨੂੰ ਘਟਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਆਕਸੀਜਨ/ਬੈਡ ਦੀ ਉਪਲੱਬਧਤਾ ਲਈ ਠੋਸ ਕਦਮ ਚੁੱਕ ਰਿਹਾ ਹੈ, ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ।