Saturday, May 10

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸਬੰਧਿਤ ਵੈਬੀਨਾਰ ਦਾ ਆਯੋਜਨ ਕਰਵਾਇਆ

ਲੁਧਿਆਣਾ,(ਸੰਜੇ ਮਿੰਕਾ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਸਿਵਲ ਲਾਈਨਜ਼, ਲੁਧਿਆਣਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ ਲੜੀ 4 ਅਗਸਤ 2020 ਨੂੰ ਆਰੰਭ ਕੀਤੀ ਗਈ ਸੀ। ਇਸ ਲੜੀ ਦੇ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਰਚਿਤ ਬਾਣੀ, ਉਨ੍ਹਾਂ ਦੀ ਸ਼ਹਾਦਤ ਦੇ ਵਿਭਿੰਨ ਪ੍ਰਭਾਵਾਂ ਅਤੇ ਗੁਰੂ ਜੀ ਨਾਲ ਸਬੰਧਿਤ ਮਹਾਨ ਸਿੱਖ ਹਸਤੀਆਂ ਜਿਨ੍ਹਾਂ ਵਿਚ ਭਾਈ ਮੱਖਣ ਸ਼ਾਹ ਲੁਬਾਣਾ, ਲੱਖੀ ਸ਼ਾਹ ਵਣਜਾਰਾ ਆਦਿ ਬਾਰੇ ਦੇਸ਼ ਵਿਦੇਸ਼ ਦੇ ਇਤਿਹਾਸਕਾਰਾਂ ਤੇ ਵਿਦਵਾਨਾਂ ਵਲੋਂ ਵਿਚਾਰ ਚਰਚਾ ਕੀਤੀ ਗਈ ਸੀ।  ਕਾਲਜ ਵੱਲੋਂ ਅੱਜ ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਸ਼ੇ ਨਾਲ ਸਬੰਧਿਤ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਗੁਰੂ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਅਜਿਹੇ ਵੈਬੀਨਾਰ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇ ਦੁਨੀਆ ਵਿਚ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਸ਼ਹਾਦਤ ਨੇ ਮਨੁੱਖਤਾ ਤੇ ਹੋ ਰਹੇ ਜ਼ਬਰ ਜੁਲਮ ਨੂੰ ਠੱਲ ਪਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ।
ਇਸ ਵੈਬੀਨਾਰ ਦੇ ਪਹਿਲੇ ਬੁਲਾਰੇ ਡਾ. ਰਾਜ ਕੁਮਾਰ ਹੰਸ, ਪ੍ਰੋਫੈਸਰ ਇਤਿਹਾਸ ਵਿਭਾਗ, ਮਹਾਰਾਜਾ ਸੀਆਜੀਰਾਓ ਯੂਨੀਵਰਸਿਟੀ ਆਫ਼ ਬੜੋਦਾ, ਗੁਜਰਾਤ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਗੁਰੂ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਰੰਭ ਕੀਤੀ ਗਈ ਸ਼ਹਾਦਤ ਦੀ ਪ੍ਰੰਪਰਾ ਨੂੰ ਹੋਰ ਪ੍ਰਪੱਕ ਕੀਤਾ। ਉਨ੍ਹਾਂ ਦੀ ਸ਼ਹਾਦਤ ਨੇ ਸਮਾਜ ਦੇ ਲੋਕਾਂ ਦੇ ਦਿਲਾਂ ਵਿਚ ਵਿਚ ਇਕ ਨਵੀਂ ਰੂਹ, ਜ਼ਰਅਤ, ਹਿੰਮਤ ਤੇ ਦਲੇਰੀ ਪ੍ਰਦਾਨ ਕੀਤੀ।
ਡਾ. ਮੁਨੀਸ਼ ਕੁਮਾਰ, ਅਸਿਸਟੈਂਟ ਪ੍ਰੋਫੈਸਰ, ਦੇਸ਼ ਬੰਧੂਪਾਂਡੇ ਕਾਲਜ, ਨਵੀਂ ਦਿੱਲੀ ਨੇ ਸ੍ਰੀ ਗੁਰੂ ਤੇਗ ਬਹਾਦਰ  ਜੀ ਦੀ ਬਾਣੀ ਵਿਚਲੇ ਵੈਰਾਗ ‘ਤੇ  ਆਪਣੀ ਦ੍ਰਿਸ਼ਟੀ ਕੇਂਦਰਿਤ ਕਰਦੇ ਹੋਏ ਕਿਹਾ ਕਿ ਇਹ ਇਕ ਅਨੋਖੀ ਕਿਸਮ ਦਾ ਵੈਰਾਗ ਹੈ ਜਿਸ ਦਾ ਅਰਥ ਘਰ-ਬਾਹਰ, ਸਮਾਜ ਦਾ ਤਿਆਗ ਕਰਨਾ ਨਹੀਂ ਸਗੋਂ ਸਮਾਜ ਭਲਾਈ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਡਾ. ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ਼ਹਾਦਤ ਦੇ ਅਰਥਾਂ ਨੂੰ ਸਪੱਸ਼ਟ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਵਿਭਿੰਨ ਪ੍ਰਭਾਵਾਂ ਨੂੰ ਬਹੁਤ ਹੀ ਵਿਸਥਾਰਮਈ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਜੇਕਰ ਲੰਮਾ ਸਮਾਂ ਗੁਲਾਮ ਰਿਹਾ ਤਾਂ ਉਸਦਾ ਕਾਰਨ ਇਹ ਹੈ ਕਿ ਏਥੇ ਬਲੀ ਲੈਣ ਦੀ ਪ੍ਰੰਪਰਾ ਸੀ ਸ਼ਹਾਦਤ ਦੇਣ ਦੀ ਨਹੀਂ ਸੀ। ਸਿੱਖ ਗੁਰੂ ਸਾਹਿਬਾਨ ਨੇ ਸ਼ਹਾਦਤ ਦੀ ਨਿਵੇਕਲੀ ਪਿਰਤ ਪਾਈ। ਪ੍ਰੋਗਰਾਮ ਦੇ ਅਖੀਰ ਤੇ ਡਾ. ਅਰਵਿੰਦਰ ਸਿੰਘ, ਪ੍ਰਿੰਸੀਪਲ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਡਾ. ਦਲੀਪ ਸਿੰਘ ਅਤੇ ਪ੍ਰੋ. ਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com