Saturday, December 27

ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ‘ਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾਣ ਦੀ ਅਪੀਲ

  • ਸ਼ਹਿਰੀ ਖੇਤਰਾਂ ਨਾਲੋਂ ਘੱਟ ਪਾਜ਼ੇਟਿਵ ਦਰ ਹੋਣ ਦੇ ਬਾਵਜੂਦ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ-19 ਮੌਤਾਂ ਦਰਜ

ਚੰਡੀਗੜ੍ਹ, (ਬਿਊਰੋ)- ਕੋਰੋਨਾ ਵਾਇਰਸ ਦਾ ਜਲਦੀ ਟੈਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾ ਕੇ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਰਿਕਾਰਡ ਅਨੁਸਾਰ, ਸਿਹਤ ਮਾਹਿਰਾਂ ਦੁਆਰਾ ਸੁਝਾਏ ਦਿਸ਼ਾ-ਨਿਰਦੇਸ਼ਾਂ ਅਤੇ ਇਲਾਜ ਦੀ ਪਾਲਣਾ ਕਰਦਿਆਂ ਸੂਬੇ ਵਿੱਚ ਘਰੇਲੂ ਇਕਾਂਤਵਾਸ ਅਧੀਨ 1,85,000 ਤੋਂ ਵੱਧ ਕੋਵਿਡ-19 ਦੇ ਮਰੀਜ਼ ਠੀਕ ਹੋਏ ਹਨ। ਸ. ਸਿੱਧੂ ਨੇ ਦੱਸਿਆ ਕਿ 1 ਜਨਵਰੀ 2021 ਤੋਂ 12 ਅਪ੍ਰੈਲ 2021 ਤੱਕ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 27 ਫ਼ੀਸਦੀ ਪਾਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਅਬਾਦੀ ਵਿੱਚ 73 ਫ਼ੀਸਦੀ ਪਾਜ਼ੇਟਿਵ ਕੇਸ ਅਤੇ 42 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਵੀ ਮੌਤਾਂ ਵਧੇਰੇ ਹੋ ਰਹੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ 0.7 ਫ਼ੀਸਦੀ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਕੋਵਿਡ ਨਾਲ ਹੋਣ ਵਾਲੀ ਮੌਤ ਦਰ (ਕੇਸ ਫੈਟਿਲਿਟੀ ਰੇਟ) 2.8 ਫ਼ੀਸਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਮੌਤ ਦਰ 2.0 ਫ਼ੀਸਦੀ ਹੈ। ਕੋਵਿਡ-19 ਮਰੀਜ਼ਾਂ ਬਾਰੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਵੱਲੋਂ ਗੰਭੀਰ ਲੱਛਣ ਆਉਣ ‘ਤੇ ਹਸਪਤਾਲ ਪਹੁੰਚਣ ਦੀ ਦਰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਅਨੁਸਾਰ, 1 ਜਨਵਰੀ ਤੋਂ 12 ਅਪ੍ਰੈਲ ਤੱਕ ਪਹਿਲੀ ਵਾਰ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ 83.92 ਫ਼ੀਸਦੀ ਮਰੀਜ਼ਾਂ ਦੀ ਹਾਲਤ ਗੰਭੀਰ ਸੀ ਜਦਕਿ 0.11 ਫ਼ੀਸਦੀ ਦਰਮਿਆਨੇ ਲੱਛਣਾਂ ਵਾਲੇ ਅਤੇ ਸਿਰਫ਼ 7 ਫ਼ੀਸਦੀ ਮਰੀਜ਼ ਹਲਕੇ ਲੱਛਣਾਂ ਵਾਲੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ 0 ਤੋਂ 14 ਸਾਲ ਦੇ ਉਮਰ ਵਰਗ ਵਿੱਚੋਂ ਸਿਰਫ਼ ਇੱਕ ਕੋਵਿਡ-19 ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ ਜਦਕਿ 15 ਤੋਂ 50 ਸਾਲ ਦੇ ਉਮਰ ਵਰਗ ਵਿੱਚ 17.5 ਫ਼ੀਸਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 82.5 ਫ਼ੀਸਦੀ ਮੌਤਾਂ 51 ਸਾਲ ਤੋਂ ਵੱਧ ਉਮਰ ਵਰਗ ਦੀਆਂ ਹਨ। ਸਹਿ-ਰੋਗਾਂ ਵਾਲੇ ਪੀੜਤ ਮਰੀਜ਼ਾਂ ਲਈ ਜੋਖਮਾਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਸਬੰਧੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ ਵਧੇਰੇ ਹੈ।

About Author

Leave A Reply

WP2Social Auto Publish Powered By : XYZScripts.com