- ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ 9 ਉਦਯੋਗਾਂ ਨੂੰ ਛੱਡ ਕੇ ਬਾਕੀ ਉਦਯੋਗਿਕ ਵਰਤੋਂ ‘ਚ ਆਕਸੀਜਨ ‘ਤੇ ਪਾਬੰਦੀ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਮੈਜਿਸਟ੍ਰੇੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਜਿਸ ਵਿੱਚ ਸਕੂਲ ਅਤੇ ਕਾਲਜਾਂ ਤੋਂ ਇਲਾਵਾ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰ ਵੀ ਸ਼ਾਮਲ ਹਨ, ਨੂੰ 30 ਅਪ੍ਰੈਲ, 2021 ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ 9 ਅਪ੍ਰੈਲ, 2021 ਤੋਂ ਸਕੂਲ/ਕਾਲਜ ਸਮੇਤ ਸਾਰੇ ਵਿਦਿਅਕ ਅਦਾਰੇ ਪਹਿਲਾਂ ਹੀ ਬੰਦ ਸਨ, ਪਰ ਇਹ ਵੇਖਣ ਵਿੱਚ ਆਇਆ ਹੈ ਕਿ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰ ਆਪਣੀ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਕੋਵਿਡ ਕੇਸਾਂ ਵਿੱਚ ਲਗਾਤਾਰ ਹੋਰ ਰਹੇ ਵਾਧੇ ਕਾਰਨ ਵਿਦਿਆਰਥੀਆਂ ਦੇ ਇਕੱਠੇ ਹੋਣ ਤੋਂ ਬਚਣ ਲਈ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਦੇਸ਼ ਜਾਰੀ ਕੀਤੇ ਹਨ ਕਿ ਆਈਲੈਟਸ/ਹੋਰ ਕੋਚਿੰਗ ਸੈਂਟਰ ਜ਼ਿਲੇ ਵਿਚ 30 ਅਪ੍ਰੈਲ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਲਈ ਆਨ ਲਾਈਨ ਕਲਾਸਾਂ ਦੀ ਆਗਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਹੋਰ ਆਦੇਸ਼ ਵਿਚ, ਉਨ੍ਹਾਂ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਉਦਯੋਗਿਕ ਕੰਮ ਲਈ (9 ਉਦਯੋਗਾਂ ਨੂੰ ਛੱਡ ਕੇ) ਆਕਸੀਜਨ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਹੁਕਮ ਐਮਪੂਲਸ ਅਤੇ ਵਾਇਲਜ਼, ਫਾਰਮੈਸੀਕਲ, ਪੈਟਰੋਲੀਅਮ ਰਿਫਾਇਨਰੀ, ਸਟੀਲ ਪਲਾਂਟ, ਪ੍ਰਮਾਣੂ ਊਰਜ਼ਾ ਸਹੂਲਤਾਂ, ਆਕਸੀਜਨ ਸਿਲੰਡਰ ਨਿਰਮਾਤਾ, ਗੰਦੇ ਪਾਣੀ ਦੇ ਉਪਚਾਰ ਪਲਾਂਟ, ਖੁਰਾਕ ਅਤੇ ਜਲ ਸ਼ੁੱਧਤਾ ਅਤੇ ਪ੍ਰਕਿਰਿਆ ਉਦਯੋਗ ਜਿਨ੍ਹਾਂ ਨ{ੰ ਪੰਜਾਬ ਸਰਕਾਰ ਦੁਆਰਾ ਮਨਜ਼ੂਰ ਕੀਤਾ ਧੂੰਆਂ ਪ੍ਰਕਿਰਿਆਵਾਂ ਦੇ ਨਿਰਵਿਘਨ ਕਾਰਜ ਦੀ ਜ਼ਰੂਰਤ ਹੈ, ਲਈ ਲਾਗੂ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਹੁਕਮ 22 ਅਪ੍ਰੈਲ, 2021 ਤੋਂ ਲਾਗੂ ਹੋ ਜਾਣਗੇ ਅਤੇ ਇਸ ਦੀ ਪਾਲਣਾ ਨਾ ਕਰਨ ‘ਤੇ ਸਖਤੀ ਨਾਲ ਨਜਿੱਠਿਆ ਜਾਵੇਗਾ।