- ਸਿਹਤ ਵਿਭਾਗ ਦੀ ਟੀਮ ਨੂੰ ਪੁਲਿਸ ਦੀ ਮਦਦ ਨਾਲ ਲੈਣਾ ਪਿਆ ਸੀ ਸੈਂਪਲ
- ਅਧਿਕਾਰਿਤ ਡਾਕਟਰਾਂ ਅਤੇ ਸਿਹਤ ਸੰਸਥਾਵਾਂ ਤੋਂ ਬਿਨਾ ਦਵਾਈ ਆਦਿ ਨਾ ਲਈ ਜਾਵੇ – ਡਿਪਟੀ ਕਮਿਸ਼ਨਰ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਲੁਧਿਆਣਾ ਵਿੱਚ ਆਮ ਭੋਲੇ ਭਾਲੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਦੇਸੀ ਨੁਸਖ਼ੇ ਦੇਣ ਵਾਲੇ ਸਪੇਰੇ ਨੂੰ ਵੀ ਕਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਸਪੇਰੇ ਨੂੰ ਘਰ ਵਿੱਚ ਇਕਾਂਤਵਾਸ ਹੋਣ ਲਈ ਕਹਿ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੋਡਲ ਅਫ਼ਸਰ ਡਾਕਟਰ ਜਗਦੀਪ ਕੌਰ ਦੀ ਅਗਵਾਈ ਵਿੱਚ ਬਲਾਕ ਪੱਖੋਵਾਲ ਦੀ ਸਿਹਤ ਵਿਭਾਗ ਦੀ ਇੱਕ ਟੀਮ ਵੱਲੋਂ ਪਿੰਡ ਲਲਤੋਂ ਕਲਾਂ ਦੇ ਬੱਸ ਅੱਡੇ ਵਿੱਚ ਸੈਂਪਲ ਲੈਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਸ਼ੱਕੀ ਰਾਹਗੀਰਾਂ ਦੇ ਸੈਂਪਲ ਲਏ ਜਾ ਰਹੇ ਸਨ। ਇਸ ਮੌਕੇ ਸਾਹਮਣੇ ਆਏ ਇੱਕ ਸਪੇਰੇ ਨੂੰ ਸੈਂਪਲ ਦੇਣ ਲਈ ਕਿਹਾ ਗਿਆ ਤਾਂ ਉਸਨੇ ਸੈਂਪਲ ਦੇਣ ਮਨ੍ਹਾ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੂੰ ਕਿਹਾ ਕਿ ਉਸਨੂੰ ਕਦੇ ਵੀ ਕਰੋਨਾ ਨਹੀਂ ਹੋ ਸਕਦਾ। ਉਹ ਤਾਂ ਖੁਦ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਕਥਿਤ ਤੌਰ ਉੱਤੇ ਦੇਸੀ ਨੁਸਖ਼ੇ ਅਤੇ ਦਵਾਈ ਤਿਆਰ ਕਰਕੇ ਦਿੰਦਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਲਲਤੋਂ ਪੁਲਿਸ ਚੌਕੀ ਦੀ ਸਹਾਇਤਾ ਨਾਲ ਜਦੋਂ ਉਸ ਸਪੇਰੇ ਦਾ ਰੈਪਿਡ ਐਂਟੀਜਨ ਸੈਂਪਲ ਲਿਆ ਗਿਆ ਤਾਂ ਉਹ ਪਾਜੀਟਿਵ ਆ ਗਿਆ। ਪਾਜੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਸਪੇਰੇ ਨੂੰ ਘਰ ਵਿੱਚ ਇਕਾਂਤਵਾਸ ਹੋਣ ਲਈ ਕਹਿ ਦਿੱਤਾ ਗਿਆ ਹੈ। ਇਸ ਮੌਕੇ ਸੀ ਐੱਚ ਓ ਸ਼੍ਰੀਮਤੀ ਬਲਪ੍ਰੀਤ ਕੌਰ, ਸ਼੍ਰੀਮਤੀ ਨਵਦੀਪ ਕੌਰ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਤੋਂ ਇਲਾਵਾ ਹੋਰ ਸਿਹਤ ਕਰਮੀ ਅਤੇ ਪੁਲਿਸ ਪਾਰਟੀ ਦੇ ਮੈਂਬਰ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੀ ਬਿਮਾਰੀ ਤੋਂ ਬਚਣ ਲਈ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਕੇ ਆਪਣਾ ਟੀਕਾਕਰਨ ਕਰਾਉਣ ਨਾ ਕਿ ਝੋਲਾ ਛਾਪ ਡਾਕਟਰਾਂ ਅਤੇ ਦੇਸੀ ਦਵਾਈਆਂ ਅਤੇ ਨੁਸਖ਼ੇ ਦੇਣ ਵਾਲੇ ਲੋਕਾਂ ਦੇ ਝਾਂਸੇ ਵਿੱਚ ਆਉਣ। ਉਹਨਾਂ ਕਿਹਾ ਕਿ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਅਧਿਕਾਰਿਤ ਡਾਕਟਰਾਂ ਅਤੇ ਸਿਹਤ ਸੰਸਥਾਵਾਂ ਤੋਂ ਬਿਨਾ ਦਵਾਈ ਆਦਿ ਨਾ ਲਈ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇ।