Tuesday, May 13

ਕੋਰੋਨਾ ਵੈਕਸੀਨ ਬੀਮਾਰੀ ਦੀ ਗੰਭੀਰਤਾ ਤੇ ਹਸਪਤਾਲ ਦਾਖ਼ਲ ਹੋਣ ਦੀ ਸੰਭਾਵਨਾ ਨੂੰ ਕਰਦੀ ਹੈ ਘੱਟ – ਮਾਹਰ ਡਾਕਟਰ

ਡਾਕਟਰਾਂ ਦਾ ਕਹਿਣਾ ਹੈ ! ਵੈਕਸੀਨ ਸੀਟ ਬੈਲਟ ਵਾਂਗ ਖ਼ਤਰਨਾਕ ਦੁਰਘਟਨਾਵਾਂ ਤੋਂ ਕਰਦੀ ਹੈ ਬਚਾਅ

-ਦਿਲ ਅਤੇ ਕਿਡਨੀ ਦੇ ਰੋਗੀ ਵੀ ਕਰਵਾ ਸਕਦੇ ਹਨ ਆਪਣਾ ਟੀਕਾਕਰਨ

  • ਡੀ.ਸੀ. ਵੱਲੋਂ ਕੋਵਿਡ ਬਾਰੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਬਾਰੇ ਮਾਹਰ ਡਾਕਟਰਾਂ ਨਾਲ ਚਰਚਾ

ਲੁਧਿਆਣਾ, (ਸੰਜੇ ਮਿੰਕਾ) – ਕੋਵਿਡ-19 ਟੀਕੇ ਸਬੰਧੀ ਫੈਲਾਈਆਂ ਜਾ ਰਹੀਆਂ ਝੂੱਠੀਆਂ ਅਫਵਾਹਾਂ ਨੂੰ ਦੂਰ ਕਰਨ ਲਈ, ਲੁਧਿਆਣਾ ਪ੍ਰਸ਼ਾਸਨ ਵੱਲੋਂ ਉੱਘੇ ਤੇ ਮਾਹਰ ਡਾਕਟਰਾਂ ਦੇ ਸਹਿਯੋਗ ਨਾਲ ਯੋਗ ਵਿਅਕਤੀਆਂ ਦੇ  ਟੀਕਾਕਰਨ ਵਿੱਚ ਹੋਰ ਤੇਜ਼ੀ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਫੇਸਬੁੱਕ ਪੇਜ ‘ਤੇ ਡੀ.ਐਮ.ਸੀ. ਹਸਪਤਾਲ ਦੇ ਡਾ. ਬਿਸ਼ਵ ਮੋਹਨ, ਫੋਰਟਿਸ ਹਸਪਤਾਲ ਦੇ ਡਾ. ਹਰਮਿੰਦਰ ਸਿੰਘ ਪੰਨੂੰ ਅਤੇ ਕੋਵਿਡ ਦੇ ਨੋਡਲ ਅਫ਼ਸਰ ਡਾ. ਕਿਰਨ ਗਿੱਲ ਆਹਲੂਵਾਲੀਆ ਸਹਿਤ ਤਿੰਨ ਮਾਹਰ ਡਾਕਟਰਾਂ ਦੇ ਪੈਨਲ ਨਾਲ ਲਾਈਵ ਵਿਚਾਰ ਚਰਚਾ ਕੀਤੀ। ਇਨ੍ਹਾਂ ਡਾਕਟਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਟੀਕਾ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ, ਜੇਕਰ ਟੀਕਾ ਲਗਵਾਉਣ ਤੋਂ ਬਾਅਦ ਵੀ ਵਿਅਕਤੀ ਇਸ ਮਹਾਂਮਾਰੀ ਦੀ ਚਪੇਟ ਵਿੱਚ ਆਉਂਦਾ ਹੈ ਤਾਂ ਉਹ ਜਲਦ ਤੰਦਰੁਸਤ ਹੋ ਜਾਂਦਾ ਹੈ ਅਤੇ ਹਸਪਤਾਲ ਵਿੱਚ ਦਾਖਲ ਹੋਣ ਵੀ ਸੰਭਾਵਨਾ ਵੀ ਘੱਟ ਜਾਂਦੀ ਹੈ। ਉਨ੍ਹਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਇਹ ਟੀਕਾ ਕਵਚ ਦਾ ਕੰਮ ਕਰਦਾ ਹੈ ਜੋ ਮਹਾਂਮਾਰੀ ਨੂੰ ਰੋਕਣ ਵਿਚ ਸਹਾਈ ਸਿੱਧ ਹੋਵੇਗਾ। ਵਾਹਨਾਂ ਵਿਚ ਸੀਟ ਬੈਲਟ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਬੈਲਟ ਘਾਤਕ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ ਓਸੇ ਤਰ੍ਹਾਂ ਟੀਕਾ ਲਾਗ ਦੀ ਸਥਿਤੀ ਵਿਚ ਵੀ ਮਨੁੱਖਾਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਨੂੰ ਸਿਰਫ ਹਲਕੇ ਲੱਛਣਾਂ ਦਾ ਹੀ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਟੀਕਿਆਂ ਦਾ ਬਾਂਝਪਨ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਵਸਨੀਕ ਇਸ ਮਿੱਥ ਦੇ ਕਾਰਨ ਟੀਕਾਕਰਨ ਤੋਂ ਪ੍ਰਹੇਜ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਪਵੇਗਾ, ਜੋ ਸੱਚ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਜਾਂ ਗਲ਼ੇ ਦੀ ਲਾਗ ਜਾਂ ਗੰਭੀਰ ਕਮਜ਼ੋਰੀ ਹੈ, ਤਾਂ ਲੋਕਾਂ ਨੂੰ ਕੁਝ ਦਿਨ ਬਚਾਅ ਰੱਖਣਾ ਚਾਹੀਦਾ ਹੈ। ਵਸਨੀਕਾਂ ਵਿਚੋਂ ਇਕ ਦੇ ਸਵਾਲ ‘ਤੇ ਕਿ ਕੀ ਦਿਲ/ਕਿਡਨੀ ਦਾ ਮਰੀਜ਼ ਟੀਕਾ ਲੈ ਸਕਦਾ ਹੈ? ਇਸ ਦਾ ਜਵਾਬ ਦਿੰਦਿਆਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਸ਼ੱਕ ਦੇ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਅਤੇ ਖੂਨ ਪਤਲਾ ਕਰਨ ਵਾਲੀ ਦਵਾਈ ਵੀ ਜਾਰੀ ਰੱਖ ਸਕਦੇ ਹਨ। ਡਾ. ਹਰਮਿੰਦਰ ਸਿੰਘ ਪੰਨੂੰ ਨੇ ਨਵੀਂ ਵੈਕਸੀਨ ‘ਤੇ ਮੌਜੂਦਾ ਦੋ ਕੋਵਿਡ ਟੀਕਿਆਂ ਦੀ ਕੁਸ਼ਲਤਾ ਬਾਰੇ ਦੱਸਿਆ ਅਤੇ ਇਹ ਸਪੱਸ਼ਟ ਕੀਤਾ ਕਿ ਕੋਵੀਸ਼ਿਲਡ ਅਤੇ ਕੋਵੈਕਸਿਨ ਦੋਵੇਂ ਨਵੀਂ ਵੈਕਸੀਨ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਸ਼ਾਲੀ ਹਨ। ਉਨ੍ਹਾਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਟੀਕਾਕਰਨ ਲਈ ਲਗਾਏ ਜਾ ਰਹੇ ਟੀਕਿਆਂ ਵਿੱਚ ਅੰਤਰ ਬਾਰੇ ਫੈਲੀ ਅਫਵਾਹ ਨੂੰ ਨਕਾਰਦਿਆਂ ਕਿਹਾ ਨਿੱਜੀ ਹਸਪਤਾਲਾਂ ਨੂੰ ਸਰਕਾਰ ਵੱਲੋਂ ਹੀ ਵੈਕਸੀਲ ਸਪਲਾਈ ਕੀਤੀ ਜਾ ਰਹੀ ਹੈ। ਇਕ ਪ੍ਰਸ਼ਨ ‘ਤੇ, ਕਿ ਕੋਵਿਡ ਖਤਮ ਹੋ ਜਾਵੇਗਾ ? ਦੇ ਸਬੰਧੀ ਵਿੱਚ ਉਨ੍ਹਾਂ ਕਿਹਾ ਕਿ ਇਹ ਜ਼ਿਆਦਾਤਰ ਲੋਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨਾਲ ਕਿਵੇਂ ਨਜਿੱਠਦੇ ਹਨ। ਉਨ੍ਹਾਂ ਦੱਸਿਆ ਕਿ ਜਿੰਨਾ ਅਸੀਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਾਂਗੇ, ਓਨੀ ਹੀ ਤੇਜ਼ੀ ਨਾਲ ਇਹ ਮਹਾਂਮਾਰੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਸਕ, ਸਮਾਜਕ ਦੂਰੀ ਅਤੇ ਹੱਥਾਂ ਦੀ ਸਫਾਈ ਦੀ ਸਫਾਈ ਰੱਖਣ ਦੀ ਆਦਤ ਬਣਾਉਣੀ ਪਵੇਗੀ, ਨਹੀਂ ਤਾਂ ਕੋਵਿਡ ਦੀਆਂ ਕਈ ਹੋਰ ਲਹਿਰਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com