- ਬੁੱਢੇ ਨਾਲੇ ਦੇ ਆਲੇ-ਦੁਆਲੇ ਗੈਰ-ਕਾਨੂੰਨੀ ਕਲੋਨੀਆਂ ਤੇ ਡੇਅਰੀਆਂ ਖਿਲਾਫ ਵੀ ਕੀਤੀ ਜਾਵੇਗੀ ਕਾਰਵਾਈ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ ਜ਼ਿਲ੍ਹੇ ਵਿੱਚ ਬਿਨ੍ਹਾਂ ਇਫਲੂਐਂਟ ਟਰੀਟਮੈਂਟ ਪਲਾਂਟ (ਈ.ਟੀ.ਪੀ.) ਕੰਮ ਕਰਨ ਵਾਲੇ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਈ.ਟੀ.ਪੀ. ਲਗਾਉਣ ਦੀ ਆਖ਼ਰੀ ਤਰੀਕ 31 ਮਾਰਚ ਸੀ ਅਤੇ ਜਿਨ੍ਹਾਂ ਹਸਪਤਾਲਾਂ ਵੱਲੋਂ ਈ.ਟੀ.ਪੀ. ਸਥਾਪਤ ਨਹੀਂ ਕੀਤੇ ਗਏ, ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੀ.ਪੀ.ਸੀ.ਬੀ. ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿੱਜੀ ਤੌਰ ‘ਤੇ ਹਸਪਤਾਲਾਂ ਦੀ ਜਾਂਚ ਕਰਦਿਆਂ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਦੇ ਨਿਯਮਾਂ ਦੀ ਸਹੀ ਪਾਲਣਾ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਵੱਲੋਂ ਬੁੱਢੇ ਨਾਲੇ ਦੇ ਆਲੇ-ਦੁਆਲੇ ਗੈਰ-ਕਾਨੂੰਨੀ ਕਲੋਨੀਆਂ, ਡੇਅਰੀਆਂ ਅਤੇ ਹੋਰਨਾਂ ਖ਼ਿਲਾਫ਼ ਕਾਰਵਾਈ ਸਬੰਧੀ ਕੁਝ ਵਿਭਾਗਾਂ ਦੇ ਢਿੱਲੇ ਰਵੱਈਏ ਬਾਰੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਕੰਮ-ਕਾਜ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁੱਢੇ ਨਾਲੇ ਨੂੰ ਸਾਫ ਸੁਥਰਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਦੇ ਨਵੀਨੀਕਰਨ ਲਈ ਪਹਿਲਾਂ ਹੀ 650 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕਰ ਚੁੱਕੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਾਜਾਇਜ਼ ਅਤੇ ਅੰਸ਼ਕ ਤੌਰ ‘ਤੇ ਟ੍ਰੀਟ ਕੀਤੇ ਘਰੇਲੂ ਅਤੇ ਸਨਅਤੀ ਪਦਾਰਥਾਂ ਨੂੰ ਸਿੱਧੇ ਤੌਰ ‘ਤੇ ਨਾਲੇ ਵਿਚ ਸੁੱਟਣ ਦੀ ਰੋਕਥਾਮ ਲਈ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਲਈ 66 ਕੇ.ਵੀ. ਸਬ-ਸਟੇਸ਼ਨ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ. ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਵਿੱਚ ਨਵੇਂਂ ਐਸ.ਟੀ.ਪੀ. ਦੀ ਚੱਲ ਰਹੀ ਉਸਾਰੀ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰਾਂ ਦੀ ਸੀਵਰੇਜ ਸਮੱਸਿਆ ਦੇ ਹੱਲ ਤੋਂ ਇਲਾਵਾ ਇਹ ਜ਼ਿਲ੍ਹੇ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਵਿੱਚ ਵੀ ਸਹਾਈ ਸਿੱਧ ਹੋਣਗੇ। ਉਨ੍ਹਾਂ ਨਗਰ ਨਿਗਮ ਤੇ ਹੋਰ ਸੰਸਥਾਵਾਂ ਵੱਲੋਂ ਜਾਰੀ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਗਰਾਮ ਦੇ ਕੰਮ-ਕਾਜ ਦਾ ਵੀ ਜਾਇਜ਼ਾ ਲਿਆ ਜਿਸ ਵਿੱਚ ਘਰ-ਘਰ ਜਾ ਕੇ ਕੂੜਾ ਚੁੱਕਣਾ, ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਨਾ, ਪਲਾਸਟਿਕ ਵਿਰੁੱਧ ਕਾਰਵਾਈ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਚੱਲ ਰਹੇ ਕਣਕ ਦੀ ਵਾਢੀ ਸੀਜ਼ਨ ਦੌਰਾਨ ਕੋਈ ਵੀ ਕਿਸਾਨ ਕਣਕ ਦੀ ਨਾੜ ਨੂੰ ਨਾ ਸਾੜੇ, ਇਸ ਲਈ ਇਕ ਵਿਆਪਕ ਰਣਨੀਤੀ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਪ੍ਰਾਜੈਕਟ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਦੀ ਲੋੜ ਹੈ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਾਤਾਵਰਣ ਸੰਭਾਲ ਨੂੰ ਪਹਿਲ ਦੇਣ, ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇ ਸਕੀਏ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ, ਇਲਾਕੇ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਜਾਵੇ। ਸ੍ਰੀ ਸ਼ਰਮਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਡੀ.ਡੀ.ਐਲ.ਜੀ. ਸ੍ਰੀ ਅਮਿਤ ਬੈਂਬੀ, ਸਕੱਤਰ-ਆਰ.ਟੀ.ਏ ਸ੍ਰੀ ਸੰਦੀਪ ਗੜ੍ਹਾ, ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਐਸ.ਈ.ਈ. ਸ੍ਰੀ ਸੰਦੀਪ ਬਹਿਲ, ਈ.ਈ. ਸ੍ਰੀ ਸੰਦੀਪ ਕੁਮਾਰ, ਈ.ਈ. ਸਮਿਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।